ਸੰਗਰੂਰ, 22 ਜਨਵਰੀ (ਧੀਰਜ ਪਸ਼ੌਰੀਆ) - ਸੰਗਰੂਰ ਵਿਚ ਸ਼ੁੱਕਰਵਾਰ ਨੂੰ ਬਸੰਤ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੇ ਪਤੰਗਬਾਜ਼ੀ ਲਈ ਪਤੰਗਾਂ ਅਤੇ ਡੋਰ ਦੀ ਜੰਮ ਕੇ ਖ਼ਰੀਦਦਾਰੀ ਕੀਤੀ ਹੈ | ਬਾਜ਼ਾਰ ਵਿਚ ਦੋ ਰੁਪਏ ਤੋਂ ਲੈ ਕੇ 200 ਰੁਪਏ ਤੱਕ ਦਾ ਪਤੰਗ ਵਿਕ ਰਿਹਾ ਹੈ | ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਲਾਸਟਿਕ ਦੀ ਚਾਈਨਾ ਡੋਰ ਦੀ ਵਿਕਰੀ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਪਰ ਇਹ ਡੋਰ ਫਿਰ ਵੀ ਚੋਰੀ ਛਿਪੇ ਵਿਕ ਰਹੀ ਹੈ | ਕੋਈ ਸ਼ੱਕ ਨਹੀਂ ਕਿ ਹਰ ਸਾਲ ਇਸ ਪਲਾਸਟਿਕ ਦੀ ਡੋਰ ਦੀ ਪਤੰਗਬਾਜ਼ੀ ਲਈ ਵਰਤੋਂ ਕਰਨ ਨਾਲ ਕਈ ਕੀਮਤੀ ਜਾਨਾਂ ਜਾਂਦੀਆਂ ਹਨ ਅਤੇ ਕਈ ਬੁਰੀ ਤਰ੍ਹਾਂ ਜ਼ਖਮੀ ਵੀ ਹੁੰਦੇ ਹਨ ਪਰ ਫਿਰ ਵੀ ਹਰ ਸਾਲ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਇਸ ਡੋਰ ਵਰਤੋਂ ਕੀਤੀ ਜਾਂਦੀ ਹੈ | ਚੱਲ ਰਹੇ ਇਸ ਖ਼ਤਰਨਾਕ ਰੁਝਾਨ ਨੂੰ ਦੇਖਦਿਆਂ ਸੰਗਰੂਰ ਦੇ ਸਮਾਜ ਚਿੰਤਕਾਂ ਸਾਇੰਟਿਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਮਾਨ, ਸਮਾਜ ਚਿੰਤਕ ਐਡਵੋਕੇਟ ਸੰਜੀਵ ਗੋਇਲ, ਸਮਾਜ ਚਿੰਤਕ ਅਮਨ ਪੂਨੀਆਂ, ਸਮਾਜ ਚਿੰਤਕ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਅਤੇ ਸਮਾਜ ਚਿੰਤਕ ਐਡਵੋਕੇਟ ਲਲਿਤ ਕੁਮਾਰ ਗਰਗ ਨੇ ਸਭ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਸੰਤ ਮੌਕੇ ਪਤੰਗਬਾਜ਼ੀ ਲਈ ਕਿਸੇ ਵੀ ਹਾਲਤ ਵਿਚ ਪਲਾਸਟਿਕ ਦੀ ਡੋਰ ਦੀ ਵਰਤੋਂ ਨਾ ਕਰਨ | ਇਸ ਡੋਰ ਦੀ ਵਰਤੋਂ ਕਰਨਾ ਮਨੁੱਖ ਅਤੇ ਜਾਨਵਰਾਂ ਲਈ ਦੋਨਾਂ ਲਈ ਹੀ ਖ਼ਤਰਨਾਕ ਹੈ ਇਹ ਡੋਰ ਬਹੁਤ ਮਜ਼ਬੂਤ ਹੁੰਦੀ ਹੈ ਜਿਸ ਕਾਰਨ ਇਹ ਤੇਜ਼ੀ ਨਾਲ ਕੱਟ ਪਾਉਂਦੀ ਹੈ ਅਤੇ ਇਸ ਦੀ ਮਾਰ ਵਿਚ ਆਏ ਮਨੁੱਖ ਅਤੇ ਜਾਨਵਰਾਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੰਦੀ ਹੈ |