ਵਿਧਾਇਕ ਲਾਡੀ ਢੋਸ ਵਲੋਂ ਸਿਵਲ ਹਸਪਤਾਲ ਵਿਖੇ ਆਧੁਨਿਕ ਫੇਕੋ ਮਸ਼ੀਨ ਦਾ ਉਦਘਾਟਨ
ਕੋਟ ਈਸੇ ਖਾਂ, 24 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)- ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਅੱਖਾਂ ਦੇ ਅਪ੍ਰੇਸ਼ਨ ਵਾਸਤੇ ਕਰੀਬ 50 ਲੱਖ ਦੀ ਲਾਗਤ ਨਾਲ ਨਵੀਂ ਆਧੁਨਿਕ ਮਸ਼ੀਨ ਫੇਕੋ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਹਸਪਤਾਲ ’ਚ ਸਿਹਤ ਬੀਮਾ ਯੋਜਨਾ ਕਾਰਡਾਂ ਦੀ ਵੰਡ ਕਰਨ ਲਈ ਰੱਖੇ ਗਏ ਵਿਸ਼ੇਸ਼ ਸਮਾਗਮ ਵਿਚ ਸ਼ਿਰਕਤ ਕਰਦਿਆਂ ਉਨ੍ਹਾਂ ਨੇ ਲੋੜਵੰਦਾਂ ਨੂੰ ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕਰਵਾਈ।
ਕੋਟ ਈਸੇ ਖਾਂ, 24 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)- ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਅੱਖਾਂ ਦੇ ਅਪ੍ਰੇਸ਼ਨ ਵਾਸਤੇ ਕਰੀਬ 50 ਲੱਖ ਦੀ ਲਾਗਤ ਨਾਲ ਨਵੀਂ ਆਧੁਨਿਕ ਮਸ਼ੀਨ ਫੇਕੋ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਹਸਪਤਾਲ ’ਚ ਸਿਹਤ ਬੀਮਾ ਯੋਜਨਾ ਕਾਰਡਾਂ ਦੀ ਵੰਡ ਕਰਨ ਲਈ ਰੱਖੇ ਗਏ ਵਿਸ਼ੇਸ਼ ਸਮਾਗਮ ਵਿਚ ਸ਼ਿਰਕਤ ਕਰਦਿਆਂ ਉਨ੍ਹਾਂ ਨੇ ਲੋੜਵੰਦਾਂ ਨੂੰ ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਉਨ੍ਹਾਂ ਦੇ ਨਾਲ ਐਸ.ਡੀ.ਐਮ. ਧਰਮਕੋਟ ਗੁਰਵਿੰਦਰ ਸਿੰਘ ਜੌਹਲ, ਐਸ.ਐਮ.ਓ. ਡਾ. ਸੁਖਪ੍ਰੀਤ ਸਿੰਘ ਬਰਾੜ , ਚੇਅਰਮੈਨ ਵਿਜੇ ਕੁਮਾਰ ਧੀਰ, ਨਗਰ ਪੰਚਾਇਤ ਪ੍ਰਧਾਨ ਸਚਿਨ ਧੀਰ, ਅੱਖਾਂ ਦੇ ਮਾਹਿਰ ਡਾ. ਮਨਿੰਦਰ ਕੌਰ, ਕੌਂਸਲਰ ਮੁਕੇਸ਼ ਰਾਜੂ ਸਚਦੇਵਾ, ਆਪ ਆਗੂ ਪ੍ਰਿੰਸ ਸਦਿਓੜਾ, ਡਾ. ਹਰਜੋਤ ਕੰਬੋਜ ਤੇ ਹੋਰ ਮੁਹਤਬਰ ਆਗੂ ਵੀ ਮੌਜੂਦ ਰਹੇ। ਉਨ੍ਹਾਂ ਦੇ ਇੱਥੇ ਪੁੱਜਣ ਸਮੇਂ ਸਿਵਲ ਹਸਪਤਾਲ ਦੇ ਸਟਾਫ਼ ਅਤੇ ਸ਼ਹਿਰ ਦੇ ਮੁਹਤਬਰਾਂ ਵਲੋਂ ਬੁੱਕਾਂ ਦੇ ਕੇ ਜੀ ਆਇਆਂ ਆਖਿਆ। ਇਸ ਮੌਕੇ ਉਨ੍ਹਾਂ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਧਰਮਕੋਟ ਵਿਚ ਸਿਹਤ ਸਹੂਲਤਾਂ ਪੱਖੋਂ ਉਨ੍ਹਾਂ ਵਲੋਂ ਆਪਣੇ ਹਲਕਾ ਵਾਸੀਆਂ ਦੀਆਂ ਲੋੜਾਂ ਲਈ ਹਰ ਸੰਭਵ ਯਤਨ ਕੀਤੇ ਗਏ ਹਨ, ਜਿਸ ਵਿਚ ਸਿਵਲ ਹਸਪਤਾਲ ਧਰਮਕੋਟ ਵਿਚ ਪੰਜਾਬ ਬੈੱਡਾਂ ਦਾ ਹਸਪਤਾਲ ਜਿਸ ਦੀ ਸ਼ੁਰੂਆਤ ਲਈ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਉਦਘਾਟਨ ਕਰਕੇ ਗਏ ਸਨ, ਉਹ ਵੀ ਨਿਰਮਾਣ ਅਧੀਨ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਚ ਡਾਕਟਰਾਂ ਤੇ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਵਲੋਂ ਅੱਖਾਂ ਦੇ ਅਪਰੇਸ਼ਨ ਲਈ ਫੇਕੋ ਮਸ਼ੀਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਤੇ ਇਸ ਮੰਗ ਨੂੰ ਉਨ੍ਹਾਂ ਵਲੋਂ ਜਲਦ ਪੂਰਾ ਕਰ ਦਿੱਤਾ ਗਿਆ। ਇਕੱਤਰਤਾ ਨੂੰ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਵਲੋਂ ਵੀ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਮਨਿੰਦਰ ਕੌਰ ਨੇ ਦੱਸਿਆ ਕਿ ਇਸ ਆਧੁਨਿਕ ਫੇਕੋ ਮਸ਼ੀਨ ਨਾਲ ਮੋਤੀਏ ਦਾ ਅਪਰੇਸ਼ਨ ਆਸਾਨੀ ਨਾਲ ਹੋ ਜਾਂਦਾ ਹੈ ਤੇ ਜ਼ਿਆਦਾ ਚੀਰਫਾੜ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਅਪ੍ਰੇਸ਼ਨ ਤੋਂ ਬਾਅਦ ਰਿਕਵਰੀ ਵੀ ਬਹੁਤ ਛੇਤੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਦੀ ਇੱਥੇ ਸ਼ੁਰੂਆਤ ਦੌਰਾਨ ਤਿੰਨ ਮਰੀਜ਼ਾਂ ਦੇ ਸਫਲ ਅਪਰੇਸ਼ਨ ਵੀ ਕੀਤੇ ਗਏ ਹਨ। ਇਨ੍ਹਾਂ ਮੌਜੂਦ ਮਰੀਜ਼ਾਂ ਨਾਲ ਵੀ ਵਿਧਾਇਕ ਲਾਡੀ ਢੋਸ ਵਲੋਂ ਗੱਲਬਾਤ ਕੀਤੀ ਗਈ। ਇਸ ਮੌਕੇ ਕੌਂਸਲਰ ਸੁੱਚਾ ਸਿੰਘ ਪੁਰਬਾ, ਠੇਕੇਦਾਰ ਸ਼ਿੰਦੂ ਭੱਟੀ, ਬਿਕਰਮ ਸ਼ਰਮਾ ਤੋਂ ਇਲਾਵਾ ਹਸਪਤਾਲ ਦਾ ਸਮੁੱਚਾ ਸਟਾਫ਼ ਤੇ ਪਤਵੰਤੇ ਹਾਜ਼ਰ ਸਨ।