ਮੋਗਾ, 20 ਸਤੰਬਰ (ਸੁਰਿੰਦਰਪਾਲ ਸਿੰਘ)-ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਮੋਗਾ ਵਿਖੇ ਗਣੇਸ਼ ਚਤੁਰਥੀ ਦੇ ਮੌਕੇ ਸਥਾਪਿਤ ਕੀਤੀ ਗਈ ਗਣਪਤੀ ਦੀ ਮੂਰਤੀ ਦਾ ਸ਼ਰਧਾ ਭਾਵ ਨਾਲ ਵਿਸਰਜਨ ਕੀਤਾ ਗਿਆ। ਇਸ ਮੌਕੇ ਮੰਦਰ ਵਿਖੇ ਵਿਸ਼ੇਸ਼ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਗਣਪਤੀ ਬੱਪਾ ਦੀ ਵਿਦਾਈ ਮੌਕੇ ਕਾਲਜ ਕੈਂਪਸ ਵਿਚ ਭਗਤੀਮਈ ਮਾਹੌਲ ਦੇਖਣ ਨੂੰ ਮਿਲਿਆ। ਕਾਲਜ ਦੇ ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਨੇ “ਗਣਪਤੀ ਬੱਪਾ ਮੋਰਿਆ ਅਗਲੇ ਬਰਸ ਤੂੰ ਜਲਦੀ ਆ” ਦੇ ਜੈਕਾਰਿਆਂ ਨਾਲ ਗਣਪਤੀ ਮਹਾਰਾਜ ਜੀ ਨੂੰ ਭਾਵਪੂਰਵਕ ਵਿਦਾਈ ਦਿੱਤੀ। ਵਿਸਰਜਨ ਤੋਂ ਪਹਿਲਾਂ ਮੰਦਰ ਵਿਚ ਪੰਡਤ ਰਾਮ ਚੰਦਰ ਸ਼ਰਮਾ ਦੀ ਅਗਵਾਈ ਹੇਠ ਵਿਧੀ-ਵਿਧਾਨ ਅਨੁਸਾਰ ਪੂਜਾ ਅਰਚਨਾ ਕੀਤੀ ਗਈ। ਇਸ ਦੌਰਾਨ ਗਣਪਤੀ ਮਹਾਰਾਜ ਨੂੰ ਭੋਗ ਲਗਾਇਆ ਗਿਆ ਅਤੇ ਸਮੂਹ ਹਾਜ਼ਰ ਸੰਗਤ ਨੇ ਪਰਿਵਾਰ, ਕਾਲਜ ਅਤੇ ਸਮਾਜ ਦੀ ਸੁੱਖ-ਸਮ੍ਰਿੱਧੀ, ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਉਪਰੰਤ ਗਣਪਤੀ ਮਹਾਰਾਜ ਜੀ ਦੀ ਮੂਰਤੀ ਨੂੰ ਸ਼ਰਧਾ ਪੂਰਵਕ ਵਿਸਰਜਨ ਲਈ ਫਿਰੋਜ਼ਸ਼ਾਹ ਨਹਿਰ ਵੱਲ ਰਵਾਨਾ ਕੀਤਾ ਗਿਆ। ਇਸ ਮੌਕੇ ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਗਣਪਤੀ ਉਤਸਵ ਰਾਹੀਂ ਵਿਦਿਆਰਥੀਆਂ ਨੂੰ ਧਾਰਮਿਕ ਸੰਸਕਾਰਾਂ, ਭਾਰਤੀ ਸਭਿਆਚਾਰ ਅਤੇ ਸਮਾਜਿਕ ਮੁੱਲਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਗਣੇਸ਼ ਸਭ ਦੇ ਜੀਵਨ ਵਿਚ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਪ੍ਰਦਾਨ ਕਰਨ, ਇਹੀ ਪ੍ਰਾਰਥਨਾ ਹੈ। ਕਾਲਜ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਕਿਹਾ ਕਿ ਗਣਪਤੀ ਮਹਾਰਾਜ ਜੀ ਦੇ ਆਗਮਨ ਤੋਂ ਲੈ ਕੇ ਵਿਸਰਜਨ ਤੱਕ ਕਾਲਜ ਕੈਂਪਸ ਵਿਚ ਸ਼ਰਧਾ ਅਤੇ ਭਗਤੀ ਦਾ ਮਾਹੌਲ ਬਣਿਆ ਰਿਹਾ। ਵਿਦਿਆਰਥੀਆਂ ਅਤੇ ਸਟਾਫ਼ ਨੇ ਪੂਰੇ ਉਤਸ਼ਾਹ ਨਾਲ ਧਾਰਮਿਕ ਸਮਾਗਮ ਵਿਚ ਭਾਗ ਲਿਆ। ਉਨ੍ਹਾਂ ਕਿਹਾ ਕਿ ਗਣਪਤੀ ਬੱਪਾ ਅੱਗੇ ਸਾਰਿਆਂ ਦੇ ਉੱਜਲ ਭਵਿੱਖ ਅਤੇ ਮੰਗਲਮਈ ਜੀਵਨ ਲਈ ਅਰਦਾਸ ਕੀਤੀ। ਇਸ ਮੌਕੇ ਸਕੱਤਰ ਇੰਜ: ਜਨੇਸ਼ ਗਰਗ, ਡਾ. ਮੁਸਕਾਨ ਗਰਗ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਡੀਨ ਐਗਜ਼ਾਮੀਨੇਸ਼ਨ ਇੰਜ: ਜਸਪ੍ਰੀਤ ਇੰਦਰ ਸਿੰਘ, ਡੀਨ ਸਟੂਡੈਂਟ ਵੈਲਫੇਅਰ ਡਾ. ਜੀ.ਐਸ. ਸ਼ਰਮਾ, ਡਾ. ਸ਼ਮਸ਼ੇਰ ਸਿੰਘ, ਡਾ. ਬਾਲਕ ਦਾਸ, ਡਾ. ਭੀਮਾਕਿਰਣ, ਡਾ. ਸੰਤ ਕੁਮਾਰ ਵਰਮਾ, ਡਾ. ਵਿਵੇਕ ਅਸਾਠੀ, ਡਾ. ਪ੍ਰੀਤੀ ਪਟੇਲ, ਡਾ. ਨਿਧੀ ਗੁਪਤਾ, ਡਾ. ਸ਼ੁਭਮ ਸਿੰਘ, ਡਾ. ਸ਼ੁਭਮ ਠਾਕੁਰ, ਡਾ. ਅਮਨਦੀਪ ਸਿੰਘ, ਸਾਨੀਆ ਗਰੋਵਰ, ਡਾ. ਸਿਧਾਰਥ ਮਹਿਨ, ਸੀਮਾ ਬਰਾੜ ਸਮੇਤ ਕਾਲਜ ਦੇ ਅਧਿਆਪਕ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਗਣਪਤੀ ਮਹਾਰਾਜ ਜੀ ਦੀ ਵਿਦਾਈ ਦੌਰਾਨ ਪੂਰਾ ਕਾਲਜ ਕੈਂਪਸ ਜੈਕਾਰਿਆਂ ਨਾਲ ਗੂੰਜ ਉੱਠਿਆ।