ਨੱਥੂਵਾਲਾ ਗਰਬੀ, 7 ਮਈ (ਨਵਦੀਪ ਸਿੰਘ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਇਕ ਜਰੂਰੀ ਮੀਟਿੰਗ ਪਿੰਡ ਭੇਖਾ ਵਿਖੇ ਹੋਈ | ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਮੋਗਾ ਦੇ ਸੀਨੀ. ਮੀਤ ਪ੍ਰਧਾਨ ਕਸ਼ਮੀਰਾ ਸਿੰਘ ਭੇਖਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਅਧਿਕਾਰਾਂ 'ਤੇ ਡਾਕਾ ਮਾਰਦਿਆਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚੋਂ ਪੰਜਾਬ ਦਾ ਨੁਮਾਇੰਦਾ ਖ਼ਾਰਜ ਕਰ ਦਿੱਤਾ ਹੈ ਅਤੇ ਪੰਜਾਬ ਦੇ ਦਰਿਆਵਾਂ ਦਾ ਕੰਟਰੋਲ ਆਪਣੇ ਹੱਥ ਵਿਚ ਲੈ ਕੇ ਪੰਜਾਬ ਦੇ ਅਧਿਕਾਰਾਂ 'ਤੇ ਡਾਕਾ ਮਾਰਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਨੁਮਾਇੰਦੇ ਨੂੰ ਖ਼ਾਰਜ ਕੀਤੇ ਨੋਟੀਫ਼ਿਕੇਸ਼ਨ ਨੂੰ ਰੱਦ ਕਰਵਾਉਣ ਸਬੰਧੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ 15 ਮਈ ਨੂੰ ਮੁਹਾਲੀ ਵਿਖੇ ਇਕੱਠੇ ਹੋਕੇ ਚੰਡੀਗੜ੍ਹ ਰਾਜ ਭਵਨ ਵੱਲ ਮਾਰਚ ਕੀਤਾ ਜਾਵੇਗਾ ਅਤੇ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਜਾਵੇਗੀ ਕਿ ਕੇਂਦਰ ਸਰਕਾਰ ਪੰਜਾਬ ਦਾ ਨੁਮਾਇੰਦਾ ਬੀ.ਬੀ. ਐਮ.ਬੀ. ਬੋਰਡ ਵਿਚ ਬਹਾਲ ਕਰੇ ਅਤੇ ਬੀ.ਬੀ.ਐਮ.ਬੀ. ਦਾ ਪੂਰਾ ਕੰਟਰੋਲ ਪੰਜਾਬ ਦੇ ਹਵਾਲੇ ਕੀਤਾ ਜਾਵੇ | ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਮਸਲੇ ਤੇ ਚੁੱਪ ਧਾਰੀ ਹੋਈ ਹੈ ਇਸ ਨੂੰ ਪੰਜਾਬ ਦਾ ਕੋਈ ਫ਼ਿਕਰ ਨਹੀ ਹੈ, ਸਿਰਫ਼ ਆਪਣੀ ਕੁਰਸੀ ਬਚਾਉਣ ਵਿਚ ਹੀ ਲੱਗੇ ਹੋਏ ਹਨ | ਇਸ ਮੀਟਿੰਗ ਵਿਚ ਤੇਜਿੰਦਰ ਸਿੰਘ ਭੇਖਾ, ਸੁਖਦੀਪ ਸਿੰਘ ਭੇਖਾ, ਗੁਰਮੀਤ ਸਿੰਘ, ਕਰਮਜੀਤ ਸਿੰਘ ਲੰਗੇਆਣਾ, ਸੁਖਮੰਦਰ ਸਿੰਘ, ਸਤਨਾਮ ਸਿੰਘ ਹਰੀਏ ਵਾਲਾ, ਜਗਰੂਪ ਸਿੰਘ ਮਾਹਲਾ, ਬਲਾਕ ਪ੍ਰਧਾਨ ਪਰਮਜੀਤ ਕੌਰ ਮਾਹਲਾ,ਮਨਜੀਤ ਕੌਰ ਨੱਥੂਵਾਲਾ ਗਰਬੀ ਜਨਰਲ ਸਕੱਤਰ ਬਲਾਕ ਬਾਘਾ ਪੁਰਾਣਾ, ਸਤਨਾਮ ਸਿੰਘ ਭਲੂਰ, ਬਲਵਿੰਦਰ ਸਿੰਘ ਹਰੀਏਵਾਲਾ, ਰਾਮ ਦਿਆਲ ਵੱਡਾ ਘਰ, ਮਹਿੰਦਰ ਸਿੰਘ ਮਾਹਲਾ ਖ਼ੁਰਦ ਆਦਿ ਹਾਜ਼ਰ ਸਨ |