ਧਰਮਕੋਟ, 7 ਮਈ (ਪਰਮਜੀਤ ਸਿੰਘ)-ਮੋਗਾ ਇਲਾਕੇ ਦੀ ਮਸ਼ਹੂਰ ਸੰਸਥਾ ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ (ਪੂਰਬੀ) ਜੋ ਆਈ.ਸੀ.ਐਸ.ਈ. ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ, ਵਿਚ ਅੱਜ ਰੈੱਡ ਕਰਾਸ ਦਿਵਸ ਮਨਾਇਆ ਗਿਆ | ਸਭ ਤੋਂ ਪਹਿਲਾਂ ਸਕੂਲ ਦੀ ਪ੍ਰਾਰਥਨਾ ਸਭਾ ਵਿਚ ਬੱਚਿਆਂ ਅਤੇ ਅਧਿਆਪਕਾਂ ਵਲੋਂ ਸਭ ਨੂੰ ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਬਾਰੇ ਜਾਣੰੂ ਕਰਵਾਇਆ ਗਿਆ | ਇਸ ਤੋਂ ਬਾਅਦ ਚੌਥੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਨੇ ਰੈੱਡ ਕਰਾਸ ਗਤੀਵਿਧੀ ਵਿਚ ਭਾਗ ਲਿਆ | ਇਸ ਗਤੀਵਿਧੀ ਦੌਰਾਨ ਬੱਚਿਆਂ ਨੇ ਫ਼ਸਟ ਏਡ ਬਾਕਸ ਤਿਆਰ ਕੀਤਾ ਅਤੇ ਇਸ ਗਤੀਵਿਧੀ ਨਾਲ ਸੰਬੰਧਿਤ ਇੱਕ ਨਾਟਕ ਵੀ ਪੇਸ਼ ਕੀਤਾ | ਇਸ ਨਾਟਕ ਵਿਚ ਦਿਖਾਇਆ ਗਿਆ ਕਿ ਅਸੀਂ ਫ਼ਸਟ ਏਡ ਬਾਕਸ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ | ਬੱਚਿਆਂ ਨੇ ਬੜੀ ਧਿਆਨ ਪੂਰਵਕ ਇਸ ਗਤੀਵਿਧੀ ਵਿਚ ਭਾਗ ਲਿਆ ਅਤੇ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਵੀ ਮਿਲਿਆ | ਇਸ ਮੌਕੇ ਸਕੂਲ ਪਿ੍ੰਸੀਪਲ ਸ਼੍ਰੀਮਤੀ ਮਨੀਸ਼ਾ ਕੌਸ਼ਿਕ ਨੇ ਸਭ ਨੂੰ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਇਨ੍ਹਾਂ ਗਤੀਵਿਧੀਆਂ ਰਾਹੀਂ ਸਾਡੇ ਖਾਲੀ ਸਮੇਂ ਦਾ ਸਹੀ ਉਪਯੋਗ ਹੁੰਦਾ ਹੈ ਅਤੇ ਸਾਡਾ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਵੀ ਹੁੰਦਾ ਹੈ | ਉਨ੍ਹਾਂ ਨੇ ਦੱਸਿਆ ਕਿ 8 ਮਈ ਨੂੰ ਇਸ ਲਈ ਚੁਣਿਆਂ ਗਿਆ ਹੈ ਕਿਉਂਕਿ ਇਹ ਇੰਟਰਨੈਸ਼ਨਲ ਕਮੇਟੀ ਆਫ਼ ਦ ਰੈੱਡ ਕਰਾਸ ਦੇ ਸੰਸਥਾਪਕ ਹੈਨਰੀ ਡਿਊਨੈਂਟ ਦੇ ਜਨਮ ਦਿਵਸ ਦੀ ਵਰ੍ਹੇਗੰਢ ਹੈ | ਰੈੱਡ ਕਰਾਸ ਦੀ ਸਥਾਪਨਾ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਹਾਇਤਾ ਪਹੁੰਚਾਉਣ ਦੀ ਇੱਛਾ ਨਾਲ ਹੋਈ ਸੀ | ਇਹ ਸੰਸਥਾ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ ਹਰ ਜਗ੍ਹਾ ਮਨੁੱਖੀ ਪੀੜਾ ਨੂੰ ਰੋਕਣ ਅਤੇ ਘਟਾਉਣ ਦਾ ਯਤਨ ਕਰਦੀ ਹੈ | ਇਸ ਦਾ ਉਦੇਸ਼ ਜੀਵਨ ਅਤੇ ਸਿਹਤ ਦੀ ਰੱਖਿਆ ਕਰਨਾ ਅਤੇ ਮਨੁੱਖੀ ਸਨਮਾਨ ਨੂੰ ਯਕੀਨੀ ਬਣਾਉਣਾ ਹੈ |