ਨੱਥੂਵਾਲਾ ਗਰਬੀ, 7 ਮਈ (ਨਵਦੀਪ ਸਿੰਘ)-ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀ ਜਨਗਣਨਾ ਦੌਰਾਨ ਐਸ.ਸੀ. ਭਾਈਚਾਰੇ ਪ੍ਰਤੀ ਬਹੁਤ ਹੀ ਗਲਤ ਸ਼ਬਦ ਜਨਗਣਨਾ ਵਾਲੇ ਪੇਪਰ ਵਿਚ ਲਿਖੇ ਦੇਖੇ ਗਏ ਜੋ ਕਿ ਬਹੁਤ ਹੀ ਮੰਦਭਾਗਾ ਹੈ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਸੀਨੀ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ, ਜਸਵੀਰ ਸਿੰਘ ਨੱਥੂਵਾਲਾ ਅਤੇ ਇਕਬਾਲ ਸਿੰਘ ਮਾਹਲਾ ਕਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਆਪ ਸਰਕਾਰ ਪਹਿਲਾ ਆਪਣੇ ਆਪ ਨੂੰ ਐਸ.ਸੀ. ਭਾਈਚਾਰੇ ਦੀ ਹਮਾਇਤੀ ਸਰਕਾਰ ਅਖਵਾਉਂਦੀ ਸੀ ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਸ ਫਾਰਮ ਨਾਲ ਇਸ ਸਰਕਾਰ ਦਾ ਇਸ ਭਾਈਚਾਰੇ ਸਬੰਧੀ ਚਿਹਰਾ ਬੇਨਕਾਬ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਸਰਕਾਰ ਬੀ.ਜੇ.ਪੀ. ਦੀ ਬੀ ਟੀਮ ਬਣ ਕੇ ਕੰਮ ਕਰ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਜਾਤ-ਪਾਤ ਦੇ ਨਾਮ ਤੇ ਲੜਾ ਕੇ ਰਾਜ ਕਰਨਾ ਚਾਹੁੰਦੀ ਹੈ, ਪਰ ਪੰਜਾਬ ਦੇ ਲੋਕਾਂ ਸਾਹਮਣੇ ਇਸ ਆਪ ਸਰਕਾਰ ਦਾ ਚਿਹਰਾ ਸਾਹਮਣੇ ਆ ਚੁੱਕਿਆ ਹੈ | ਭੋਲਾ ਸਿੰਘ ਬਰਾੜ ਨੇ ਕਿਹਾ ਕਿ ਸਾਡੇ ਸਮਾਜ ਵਿਚ ਧਾਰਮਿਕ ਗ੍ਰੰਥਾਂ ਵਿਚ ਵੀ ਕਿਸੇ ਨੂੰ ਉੱਚਾ ਨੀਵਾਂ ਨਹੀ ਦਿਖਾਇਆ ਗਿਆ ਸਗੋਂ ਸਭ ਨੂੰ ਇਕ ਦੂਜੇ ਪ੍ਰਤੀ ਪਿਆਰ ਨਾਲ ਰਹਿਣ ਤੇ ਨਫ਼ਰਤ ਨਾ ਕਰਨ ਬਾਰੇ ਦੱਸਿਆ ਗਿਆ ਹੈ, ਪਰ ਇਸ ਸਰਕਾਰ ਨੇ ਇਸ ਤਰਾਂ ਕਰਕੇ ਗੁਰੂਆਂ ਪੀਰਾਂ ਦੀ ਧਰਤੀ 'ਤੇ ਨਫ਼ਰਤ ਦਾ ਬੀਜ ਬੀਜਣ ਦੀ ਗ਼ਲਤੀ ਕੀਤੀ ਹੈ, ਜਿਸ ਦੀ ਜਿੰਨੀ ਨਿੰਦਿਆਂ ਕੀਤੀ ਜਾਵੇ ਥੋੜੀ ਹੈ | ਇਸ ਸਮੇਂ ਉਨ੍ਹਾਂ ਦੇ ਨਾਲ ਹੋਰ ਕਈ ਕਾਂਗਰਸੀ ਵਰਕਰ ਵੀ ਹਾਜ਼ਰ ਸਨ |