ਮੋਗਾ, 7 ਮਈ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-1, ਬਲਾਕ ਮੋਗਾ-2 ਤੇ ਬਲਾਕ ਧਰਮਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਵਿਖੇ ਹੋਈ | ਮੀਟਿੰਗ ਵਿਚ ਕਈ ਮਹੱਤਵਪੂਰਨ ਏਜੰਡੇ ਵਿਚਾਰੇ ਗਏ ਜਿਵੇਂ ਕਿ ਪਿੰਡ ਦੁੱਨੇਕੇ ਵਿਚੋਂ ਭਾਰਤ ਮਾਲਾ ਪ੍ਰੋਜੈਕਟ ਦੀ ਸੜਕ ਨਿਕਲਦੀ ਹੈ | ਪਿਛਲੇ ਦਿਨੀਂ ਉਹ ਸੜਕ ਵਿਚ ਆਉਂਦੇ ਘਰਾਂ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਬਿਨਾਂ ਯੋਗ ਮੁਆਵਜ਼ਾ ਦਿੱਤੇ ਤਿੰਨ ਘਰਾਂ ਨੂੰ ਢਾਹ ਦਿੱਤਾ ਗਿਆ | ਮੌਕੇ 'ਤੇ ਪੁਲਿਸ ਨੇ 14 ਸਾਥੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ ਪਰ ਬਾਅਦ ਵਿਚ ਛੱਡ ਦਿੱਤਾ ਗਿਆ | ਇਕ ਕਿਸਾਨ ਸਾਥੀ ਇੰਦਰ ਸਿੰਘ ਧਾਲੀਵਾਲ ਦਾ ਮੋਢਾ ਪੁਲਿਸ ਨੇ ਖਿੱਚ ਧੂਹ ਕਰ ਕੇ ਕੱਢ ਦਿੱਤਾ ਜਿਸ ਨੂੰ ਬਾਅਦ ਵਿਚ ਹਸਪਤਾਲ ਵਿਚ ਲਿਜਾਇਆ ਗਿਆ ਤੇ ਉੱਥੇ ਇਲਾਜ ਚੱਲ ਰਿਹਾ | ਜਥੇਬੰਦੀ ਨੇ ਫ਼ੈਸਲਾ ਕੀਤਾ ਕਿ ਪ੍ਰਸ਼ਾਸਨ ਵਲੋਂ ਕੀਤੀ ਧੱਕੇਸ਼ਾਹੀ ਦੇ ਖ਼ਿਲਾਫ਼ ਪਿੰਡ ਦੁੱਨੇਕੇ ਦੁਕਾਨ ਤੇ ਮਕਾਨ ਬਚਾਓ ਸੰਘਰਸ਼ ਕਮੇਟੀ ਅਤੇ ਜਥੇਬੰਦੀ ਵਲੋਂ ਸਾਂਝਾ ਵਫ਼ਦ ਲੈ ਕੇ ਡੀ.ਸੀ. ਮੋਗਾ ਨੂੰ ਮਿਲਿਆ ਜਾਵੇਗਾ | ਜੇਕਰ ਮਕਾਨਾਂ ਤੇ ਪਲਾਟਾਂ ਦਾ ਪੂਰਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਅਗਲਾ ਸੰਘਰਸ਼ ਪ੍ਰੋਗਰਾਮ ਉਲੀਕਿਆ ਜਾਵੇਗਾ | ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਅਨੁਸਾਰ ਪੰਜਾਬ ਦੀਆਂ ਮੰਗਾਂ 'ਤੇ 15 ਮਈ ਨੂੰ ਚੰਡੀਗੜ੍ਹ ਦਿੱਤੇ ਜਾ ਰਹੇ ਧਰਨੇ ਵਿਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਸੰਗਰੂਰ ਵਿਖੇ ਇਨ੍ਹਾਂ ਮੰਗਾਂ ਮਸਲਿਆਂ ਦੇ ਸਬੰਧ ਵਿਚ ਕੀਤੀ ਜਾ ਰਹੀ 10 ਮਈ ਨੂੰ ਸੂਬਾ ਪੱਧਰੀ ਕਨਵੈਨਸ਼ਨ ਵਿਚ ਜ਼ਿਲ੍ਹਾ ਕਮੇਟੀ ਬਲਾਕ ਕਮੇਟੀ ਆਗੂ, ਪਿੰਡ ਕਮੇਟੀਆਂ ਤੇ ਔਰਤਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ | ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਕਿ ਅਜੇ ਤੱਕ ਜਿਨ੍ਹਾਂ ਪਿੰਡ ਕਮੇਟੀਆਂ ਦੀ ਚੋਣ ਨਹੀਂ ਹੋਈ, ਉਨ੍ਹਾਂ ਕਮੇਟੀਆਂ ਦੀ ਚੋਣ 31 ਮਈ ਤੱਕ ਕਰਵਾਈ ਜਾਵੇਗੀ ਅਤੇ ਇਨ੍ਹਾਂ ਚੋਣਾਂ ਤੋਂ ਬਾਅਦ ਬਲਾਕ ਅਤੇ ਜ਼ਿਲ੍ਹਾ ਕਮੇਟੀਆਂ ਦੀ ਚੋਣ ਕੀਤੀ ਜਾਵੇਗੀ | ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜੋ ਕੋਆਪ੍ਰੇਟਿਵ ਸੁਸਾਇਟੀਆਂ ਵਲੋਂ ਕਿਸਾਨਾਂ ਨੂੰ ਪੈਸੇ ਦੇਣ ਤੋਂ ਜਵਾਬ ਦਿੱਤਾ ਜਾ ਰਿਹਾ ਹੈ ਉਸ ਲਈ ਡੀ.ਆਰ.ਓ. ਦਫ਼ਤਰ ਮੋਗਾ ਵਿਖੇ 13 ਮਈ ਨੂੰ 11 ਵਜੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ | ਮੀਟਿੰਗ ਵਿਚ ਗੁਰਮੀਤ ਸਿੰਘ ਕਿਸ਼ਨਪੁਰਾ, ਬਲੌਰ ਸਿੰਘ ਘੱਲ ਕਲਾਂ, ਇਕਬਾਲ ਸਿੰਘ ਸਿੰਘਾਂਵਾਲਾ, ਜਸਵਿੰਦਰ ਸਿੰਘ ਘੱਲ ਕਲਾਂ, ਬਚਿੱਤਰ ਕੌਰ ਤਲਵੰਡੀ ਮੱਲੀਆਂ, ਕਰਮਜੀਤ ਕੌਰ, ਸ਼ਿੰਦਰ ਕੌਰ ਕੋਕਰੀ, ਸੁਖਜੀਤ ਸਿੰਘ ਲੰਢੇਕੇ, ਕਪਤਾਨ ਸਿੰਘ ਦੁੱਨੇਕੇ, ਲਾਭ ਸਿੰਘ ਪਿੰਡ ਗਿੱਲ, ਬੇਅੰਤ ਸਿੰਘ ਵੱਡਾ ਘਰ, ਸੁਰਜੀਤ ਸਿੰਘ ਦੁੱਨੇਕੇ, ਜਗਜੀਤ ਸਿੰਘ ਕੋਕਰੀ, ਪਰਵਿੰਦਰ ਸਿੰਘ ਵੱਡਾ ਘਰ ਆਦਿ ਕਿਸਾਨ ਸ਼ਾਮਿਲ ਸਨ |