ਕਿਸ਼ਨਪੁਰਾ ਕਲਾਂ, 7 ਮਈ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਸਕੂਲ ਦੇ ਵਿਹੜੇ ਆਏ ਨਵੇਂ ਮਹਿਮਾਨ ਭਾਵ ਕਿ ਨਰਸਰੀ ਜਮਾਤ ਦੇ ਵਿਦਿਆਰਥੀਆਂ ਲਈ 'ਫਰੈਸ਼ਰ ਪਾਰਟੀ' ਆਯੋਜਿਤ ਕੀਤੀ ਗਈ | ਬੱਚੇ ਬਹੁਤ ਹੀ ਸੋਹਣੇ ਅਤੇ ਮਨਮੋਹਕ ਪਹਿਰਾਵਿਆਂ ਵਿਚ ਸੱਜ ਕੇ ਆਏ | ਇਸ ਦੌਰਾਨ ਬੱਚਿਆਂ ਵਲੋਂ ਰੈਂਪ ਵਾਕ, ਮਾਡਲਿੰਗ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਉਮਰ ਮੁਤਾਬਿਕ ਗਤੀਵਿਧੀਆਂ ਕੀਤੀਆਂ ਗਈਆਂ | ਬੱਚਿਆਂ ਨੇ ਡਾਂਸ ਕਰਕੇ ਆਪਣੀ ਖ਼ੁਸ਼ੀ ਨੂੰ ਵਿਅਕਤ ਕੀਤਾ | ਉਨ੍ਹਾਂ ਦੇ ਮਨਾਂ ਅੰਦਰਲੀ ਖ਼ੁਸ਼ੀ ਉਨ੍ਹਾਂ ਦੇ ਚਿਹਰਿਆਂ 'ਤੇ ਸਾਫ਼ ਝਲਕ ਰਹੀ ਸੀ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਇਨ੍ਹਾਂ ਨੰਨੇ ਮੁੰਨਿਆਂ ਦੇ ਮੁੱਢਲੇ ਜੀਵਨ ਨੂੰ ਪਹਿਲੇ ਦਿਨਾਂ ਤੋਂ ਹੀ ਸੁਖਾਵਾਂ ਮਾਹੌਲ ਦੇਣਾ ਸਾਡਾ ਫ਼ਰਜ਼ ਬਣਦਾ ਹੈ | ਬੱਚੇ ਸਕੂਲ ਵਿਚ ਦਾਖਲ ਹੁੰਦਿਆਂ ਹੀ ਇੱਥੋਂ ਨਵੀਆਂ-ਨਵੀਆਂ ਗੱਲਾਂ ਸਿੱਖਣੀਆਂ ਸ਼ੁਰੂ ਕਰ ਦਿੰਦੇ ਹਨ | ਅਸੀਂ ਇਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਗਤੀਵਿਧੀਆਂ ਰਾਹੀਂ ਅਗਲੀਆਂ ਜਮਾਤਾਂ ਲਈ ਤਿਆਰ ਕਰਦੇ ਹਾਂ ਕਿਉਂਕਿ ਜੇ ਮੁੱਢਲੇ ਦਿਨਾਂ ਤੋਂ ਉਨ੍ਹਾਂ ਦੀ ਨੀਂਹ ਮਜ਼ਬੂਤ ਹੋਵੇ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਆਪਣੀਆਂ ਮੁਸ਼ਕਲਾਂ ਦੇ ਹੱਲ ਸੌਖੇ ਤਰੀਕੇ ਨਾਲ ਲੱਭ ਸਕਣਗੇ | ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਸਾਰੇ ਬੱਚਿਆਂ ਨੂੰ ਜ਼ਿੰਦਗੀ ਦੀ ਇਕ ਨਵੀਂ ਸ਼ੁਰੂਆਤ ਲਈ ਮੁਬਾਰਕਬਾਦ ਦਿੱਤੀ |