ਮੋਗਾ, 7 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਰਾਜਨੀਤੀ ਵਿਚ ਭਾਰਤੀ ਜਨਤਾ ਪਾਰਟੀ ਲਗਾਤਾਰ ਆਪਣਾ ਜਨ ਆਧਾਰ ਮਜ਼ਬੂਤ ਕਰਦੀ ਨਜ਼ਰ ਆ ਰਹੀ ਹੈ | ਇਸੇ ਕੜੀ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੋਰਚਾ ਦੇ ਪ੍ਰਦੇਸ਼ ਸਕੱਤਰ ਕਿ੍ਸ਼ਨ ਸੈਣੀ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ | ਮੋਗਾ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗਵਾਈ ਵਿਚ ਰੱਖੇ ਪ੍ਰੋਗਰਾਮ ਦੌਰਾਨ ਕਿ੍ਸ਼ਨ ਸੈਣੀ ਨੇ ਰਸਮੀ ਤੌਰ 'ਤੇ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ | ਇਸ ਮੌਕੇ ਡਾ. ਹਰਜੋਤ ਕਮਲ ਨੇ ਉਨ੍ਹਾਂ ਨੂੰ ਪਾਰਟੀ ਦਾ ਸਿਰੋਪਾਉ ਪਹਿਨਾ ਕੇ ਅਤੇ ਪਾਰਟੀ ਦਾ ਬੈਚ ਲਗਾ ਕੇ ਭਾਜਪਾ ਪਰਿਵਾਰ ਵਿਚ ਸ਼ਾਮਿਲ ਹੋਣ 'ਤੇ ਸਵਾਗਤ ਕੀਤਾ | ਇਸ ਮੌਕੇ ਭੁਪਿੰਦਰ ਕੌਰ ਮੋਗਾ, ਹਰਜਿੰਦਰ ਕੌਰ ਬੁੱਘੀਪੁਰਾ, ਪਰਮਿੰਦਰ ਕੌਰ ਮੰਗੇਵਾਲਾ, ਸੁਨੀਤਾ ਰਾਣੀ ਮੋਗਾ, ਹਰਜਿੰਦਰ ਸਿੰਘ ਲੰਢੇਕੇ, ਕਿਰਨਜੀਤ ਕੌਰ ਲੰਢੇਕੇ, ਚਰਨ ਕੌਰ ਧੱਲੇਕੇ, ਸਰਬਜੀਤ ਕੌਰ ਲੰਢੇਕੇ, ਜਸਵੀਰ ਸਿੰਘ ਮੋਗਾ, ਸੁਖਵਿੰਦਰ ਸਿੰਘ ਰਣੀਆਂ ਅਤੇ ਜਗਦੀਪ ਕੁਮਾਰ ਦੀਪਾ ਮੋਗਾ ਵੀ ਸ਼ਾਮਿਲ ਹੋਏ | ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਕਿ੍ਸ਼ਨ ਸੈਣੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ, ਕੇਂਦਰ ਸਰਕਾਰ ਦੀਆਂ ਜਨ ਕਲਿਆਣਕਾਰੀ ਯੋਜਨਾਵਾਂ ਅਤੇ ਭਾਜਪਾ ਦੀ ਰਾਸ਼ਟਰ ਹਿਤ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਕਿਹਾ ਕਿ ਪੰਜਾਬ ਵਿਚ ਤੇਜ਼ੀ ਨਾਲ ਬਦਲ ਰਹੇ ਰਾਜਨੀਤਕ ਹਾਲਾਤ ਇਹ ਸੰਕੇਤ ਦੇ ਰਹੇ ਹਨ ਕਿ ਲੋਕ ਹੁਣ ਪਰੰਪਰਾਗਤ ਰਾਜਨੀਤੀ ਤੋਂ ਉਕਤਾ ਚੁੱਕੇ ਹਨ | ਡਾ. ਹਰਜੋਤ ਕਮਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਇਸੇ ਸੋਚ ਨਾਲ ਭਾਜਪਾ ਪੰਜਾਬ ਵਿਚ ਵੀ ਸੰਗਠਨ ਨੂੰ ਮਜ਼ਬੂਤ ਕਰਨ ਵਿਚ ਜੁਟੀ ਹੋਈ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਨੀਤਕ ਦਲਾਂ ਨਾਲ ਜੁੜੇ ਨੇਤਾ ਅਤੇ ਵਰਕਰ ਭਾਜਪਾ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ | ਇਸੇ ਦੌਰਾਨ ਕਿ੍ਸ਼ਨ ਸੈਣੀ ਨੇ ਭਰੋਸਾ ਦਿਵਾਇਆ ਕਿ ਉਹ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸਮਰਪਣ ਨਾਲ ਪਾਰਟੀ ਦੀ ਰਣਨੀਤੀ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਕਰਨਗੇ ਅਤੇ ਸੰਗਠਨ ਨੂੰ ਮਜ਼ਬੂਤ ਬਣਾਉਣ ਵਿਚ ਸਰਗਰਮ ਭੂਮਿਕਾ ਨਿਭਾਉਣਗੇ |