ਮੋਗਾ, 7 ਮਈ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਮਨਜੀਤ ਸਿੰਘ ਸੈਦੋਕੇ ਨੇ ਜਾਣਕਾਰੀ ਦਿੱਤੀ ਕਿ ਬਾਘਾ ਪੁਰਾਣਾ-1 ਬਲਾਕ ਦੀ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ ਦੀ ਪ੍ਰਧਾਨਗੀ ਵਿਚ ਕੀਤੀ ਗਈ | ਮੀਟਿੰਗ ਵਿਚ ਲਾਭ ਸਿੰਘ ਰੋਡੇ, ਅਮਨਾ ਵੈਰੋਕੇ, ਸੁਖਜੀਤ ਸਿੰਘ ਬਾਘਾ ਪੁਰਾਣਾ, ਬਲਵਿੰਦਰ ਸਿੰਘ ਮੌੜ, ਮਨਜੀਤ ਸਿੰਘ ਲਧਾਈਕੇ, ਸੁਖਜੀਤ ਸਿੰਘ ਵੈਰੋਕੇ ਆਦਿ ਆਗੂ ਹਾਜ਼ਰ ਸਨ | ਮੀਟਿੰਗ ਵਿਚ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਬੱਸਾਂ ਵਿਚ ਠੇਕੇ 'ਤੇ ਕੰਮ ਕਰਦੇ ਡਰਾਈਵਰਾਂ ਅਤੇ ਕੰਡਕਟਰਾਂ ਦੀ ਯੂਨੀਅਨ ਵਲੋਂ ਮਿਲੀ ਚਿੱਠੀ 'ਤੇ ਚਰਚਾ ਕੀਤੀ | ਕਾਮੇ ਲੰਮੇ ਸਮੇਂ ਤੋਂ ਨੌਕਰੀਆਂ ਨੂੰ ਪੱਕੀਆਂ ਕਰਾਉਣ ਲਈ ਅਤੇ ਹੋਰ ਮੰਗਾਂ ਲਈ ਲੜਦੇ ਆ ਰਹੇ ਹਨ | ਉਨ੍ਹਾਂ ਨੇ ਸਾਡੀ ਜਥੇਬੰਦੀ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਘੋਲ ਦੀ ਹਮਾਇਤ ਕੀਤੀ ਜਾਵੇ | ਟਰਾਂਸਪੋਰਟ ਕਾਮਿਆਂ ਨੇ ਦੱਸਿਆ ਸੰਗਰੂਰ ਡੀਪੂ ਦੇ ਉਨ੍ਹਾਂ ਦੇ ਕਰਮਚਾਰੀ ਸੰਘਰਸ਼ ਕਰਨ ਕਰ ਕੇ ਜੇਲ੍ਹਾਂ ਵਿਚ ਡੱਕੇ ਹੋਏ ਹਨ | ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਜਾਵੇ | ਸਰਕਾਰੀ ਬੱਸਾਂ ਦੇ ਕਾਮਿਆਂ ਨੇ 10 ਮਈ ਨੂੰ ਟਰਾਂਸਪੋਰਟ ਮੰਤਰੀ ਦੇ ਦਿੜ੍ਹਬਾ ਇਲਾਕੇ ਵਿਚ ਰੋਸ ਮਾਰਚ ਕੀਤਾ ਜਾ ਰਿਹਾ ਹੈ | 18 ਮਈ ਨੂੰ ਸੰਕੇਤਕ ਹੜਤਾਲ ਕਰ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ | 25, 26, 27 ਮਈ ਨੂੰ ਤਿੰਨ ਦਿਨਾਂ ਹੜਤਾਲ ਕਰ ਕੇ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਾਘਾ ਪੁਰਾਣਾ ਬਲਾਕ-1 ਟਰਾਂਸਪੋਰਟ ਕਾਮਿਆਂ ਦੇ ਘੋਲ ਦੀ ਹਮਾਇਤ ਕਰਦਾ ਹੈ | ਸੁਖਜੀਤ ਸਿੰਘ ਬਾਘਾ ਪੁਰਾਣਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇਲ੍ਹਾਂ 'ਚ ਬੰਦ ਕਾਮਿਆਂ ਨੂੰ ਛੱਡ ਕੇ ਗੱਲਬਾਤ ਰਾਹੀਂ ਮਸਲਾ ਹੱਲ ਕੀਤਾ ਜਾਵੇ | ਆਗੂ ਨੇ ਸੱਦਾ ਦਿੱਤਾ ਕਿ 18 ਮਈ ਨੂੰ ਮੋਗਾ ਦੀ ਵਿਧਾਇਕ ਦੇ ਘਰ ਅੱਗੇ ਲਾਏ ਜਾ ਰਹੇ ਧਰਨੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪੁੱਜੋ |