ਠੱਠੀ ਭਾਈ, 1 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਠੱਠੀ ਭਾਈ ਤੋਂ ਵਾਇਆ ਸੁਖਾਨੰਦ ਹੋ ਕੇ ਭਗਤਾ ਭਾਈ ਜਾਣ ਵਾਲੀ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਵਾਲੀ ਸੜਕ ਜੋ ਕਿ ਲਗਭਗ 7 ਮਹੀਨੇ ਪਹਿਲਾਂ ਹੀ ਤਿਆਰ ਕੀਤੀ ਗਈ ਸੀ, ਹੁਣ ਥਾਂ ਥਾਂ ਤੋਂ ਉੱਖੜਨੀ ਸ਼ੁਰੂ ਹੋ ਗਈ ਹੈ | ਸੜਕ ਦੀ ਹੁਣੇ ਤੋਂ ਹੀ ਹੁੰਦੀ ਜਾ ਰਹੀ ਇਸ ਮੰਦੀ ਹਾਲਤ ਕਾਰਨ ਇਲਾਕੇ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਸੜਕ ਦੇ ਨਿਰਮਾਣ ਦੌਰਾਨ ਹੀ ਘਟੀਆ ਮੈਟੀਰੀਅਲ ਵਰਤੇ ਜਾਣ ਦਾ ਵਿਰੋਧ ਕੀਤਾ ਗਿਆ ਸੀ ਜਿਸ ਕਾਰਨ ਕੁਝ ਸਮੇਂ ਲਈ ਕੰਮ ਰੋਕਿਆ ਵੀ ਗਿਆ ਸੀ | ਪਰ ਬਾਅਦ 'ਚ ਠੇਕੇਦਾਰ ਵਲੋਂ ਪੁਰਾਣੇ ਤੇ ਘਟੀਆ ਮੈਟੀਰੀਅਲ ਨੂੰ ਹਟਾਉਣ ਦੀ ਬਜਾਏ ਉਸੇ ਉੱਪਰ ਹੀ ਬਰੀਕ ਪਰਤ ਪਾ ਕੇ ਸਰਕਾਰ ਤੇ ਲੋਕਾਂ ਦੇ ਅੱਖੀਂ ਘੱਟਾ ਪਾਉਂਦਿਆਂ ਸੜਕ ਨੂੰ ਤਿਆਰ ਕਰ ਦਿੱਤਾ ਗਿਆ | ਹੁਣ ਸੜਕ ਦੀ ਉੱਪਰੀ ਪਰਤ ਉੱਖੜਨ ਨਾਲ ਅਸਲੀ ਹਾਲਤ ਸਾਹਮਣੇ ਆ ਰਹੀ ਹੈ ਜਿਸ ਨਾਲ ਹੇਠੋਂ ਨਿਕਲ ਰਹੇ ਘਟੀਆ ਮੈਟੀਰੀਅਲ ਨੇ ਰਿਉੜੀਆਂ ਵਾਂਗ ਖਿੱਲਰਨਾ ਸ਼ੁਰੂ ਕਰ ਦਿੱਤਾ ਹੈ | ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਜਦ ਇਸ ਕੰਮ ਨੂੰ ਘਟੀਆ ਮੈਟੀਰੀਅਲ ਕਰਕੇ ਰੁਕਵਾਇਆ ਗਿਆ ਸੀ ਤਾਂ ਉਸੇ ਹੀ ਕੰਮ ਨੂੰ ਮੁਕੰਮਲ ਕਰਨ ਲਈ ਆਖਰ ਕਿਸ ਨੇ ਆਗਿਆ ਦੇ ਦਿੱਤੀ | ਉਨ੍ਹਾਂ ਕਿਹਾ ਕਿ ਇਸ ਕੰਮ 'ਚ ਵੱਡੇ ਪੱਧਰ 'ਤੇ ਲਾਪਰਵਾਹੀ ਅਤੇ ਭਿ੍ਸ਼ਟਾਚਾਰ ਹੋਇਆ ਹੈ | ਇਲਾਕੇ ਦੇ ਨਿਵਾਸੀਆਂ ਨੇ ਸਰਕਾਰ ਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਸੜਕ ਨੂੰ ਮੁੜ ਮਿਆਰੀ ਤਰੀਕੇ ਨਾਲ ਤਿਆਰ ਕਰਵਾਇਆ ਜਾਵੇ |