ਮੋਗਾ, 1 ਅਪ੍ਰੈਲ (ਸੁਰਿੰਦਰਪਾਲ ਸਿੰਘ)-ਆਜ਼ਾਦ ਕਿਸਾਨ ਮੋਰਚੇ ਨਾਲ ਸਬੰਧਿਤ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਮੋਗਾ ਵਿਖੇ ਹੋਈ ਜਿਸ 'ਚ ਕਿਸਾਨੀ ਮਸਲੇ ਵਿਚਾਰੇ ਗਏ | ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਖਸਖਸ ਦੀ ਖੇਤੀ ਦੀ ਇਜਾਜ਼ਤ ਦੇਣ ਦੀ ਮੰਗ ਇਕ ਮਹੱਤਵਪੂਰਨ ਕਿਸਾਨੀ ਮਸਲਾ ਬਣਦੀ ਜਾ ਰਹੀ ਹੈ | ਇਸ ਸਬੰਧੀ 8 ਅਪ੍ਰੈਲ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਗਿਆ ਹੈ | ਮੰਗਾਂ ਸਬੰਧੀ ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਖਸਖਸ ਦੀ ਕਾਨੂੰਨੀ ਖੇਤੀ ਦੀ ਆਗਿਆ ਦਿੱਤੀ ਜਾਵੇ, ਕਿਸਾਨਾਂ ਨੂੰ ਨਵੀਆਂ ਨਗਦੀ ਫ਼ਸਲਾਂ ਵੱਲ ਮੋੜਨ ਲਈ ਵਿਕਲਪ ਮੁਹੱਈਆ ਕਰਵਾਏ ਜਾਣ, ਖੇਤੀਬਾੜੀ ਦੀ ਘਟਦੀ ਆਮਦਨ ਨੂੰ ਧਿਆਨ ਵਿਚ ਰੱਖਦਿਆਂ ਨੀਤੀਆਂ ਬਣਾਈਆਂ ਜਾਣ, ਬੰਦੀ ਸਿੰਘਾਂ ਦੀ ਰਿਹਾਈ ਅਤੇ ਚਾਰੋ ਗ੍ਰੰਥਾਂ ਦੀਆਂ ਬੇਅਦਬੀਆਂ 'ਤੇ ਸਖ਼ਤ ਕਾਨੂੰਨ, 13 ਅਪ੍ਰੈਲ ਨੂੰ ਪੰਜਾਬ ਸਰਕਾਰ ਵਲੋਂ ਬੈਂਕਾਂ ਨੂੰ ਕਿਸਾਨਾਂ ਦੀ ਕੁਰਕੀ ਕਰਨ ਦਾ ਨੋਟੀਫ਼ਿਕੇਸ਼ਨ ਵਾਪਸ ਲੈਣ ਆਦਿ ਸ਼ਾਮਿਲ ਹਨ | ਆਗੂਆਂ ਨੇ ਕਿਹਾ ਕਿ ਰਵਾਇਤੀ ਫ਼ਸਲਾਂ ਕਣਕ ਝੋਨੇ ਨਾਲ ਕਿਸਾਨਾਂ ਦੀ ਆਮਦਨ ਘੱਟ ਰਹੀ ਹੈ | ਉਨ੍ਹਾਂ ਕਿਹਾ ਕਿ 8 ਅਪ੍ਰੈਲ ਨੂੰ ਡੀ.ਸੀ. ਦਫ਼ਤਰਾਂ ਵਿਚ ਮੰਗ ਪੱਤਰ ਦੇ ਕੇ ਸਰਕਾਰ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਜੋ ਇਸ ਮਾਮਲੇ 'ਤੇ ਨੀਤੀਗਤ ਫ਼ੈਸਲਾ ਲਿਆ ਜਾ ਸਕੇ | ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਸੁੱਖ ਗਿੱਲ ਮੋਗਾ, ਤਰਨਜੀਤ ਸਿੰਘ ਨਿਮਾਣਾ, ਹਰਿੰਦਰਜੀਤ ਸਿੰਘ ਜਲੰਧਰ ਨੇ ਕੀਤੀ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ, ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਸਕੱਤਰ ਪੰਜਾਬ ਹਰਿੰਦਰਜੀਤ ਸਿੰਘ ਜਲੰਧਰ, ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਨਜੀਤ ਸਿੰਘ ਨਿਮਾਣਾ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੈਲ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਸੰਧੂ ਹਰੀਕੇ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀਪ ਸਿੱਧੂ ਦੇ ਸੂਬਾ ਪ੍ਰਧਾਨ ਸਵਰਨ ਸਿੰਘ ਬਾਠ, ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਸਰਬੱਤ ਦਾ ਭਲਾ ਸਾਂਝਾ ਮੰਚ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਦੀਪ ਸਿੰਘ ਸਿੰਘਾਂਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਕੋਟ ਦੁੱਨਾਂ ਹਾਜ਼ਰ ਸਨ |