ਮੋਗਾ, 29 ਜਨਵਰੀ (ਸੁਰਿੰਦਰਪਾਲ ਸਿੰਘ)- ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਤੇ ਸੰਤ ਤੇਜਾ ਸਿੰਘ ਦੇ ਸੇਵਕ, ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਸਾਬਕਾ ਪ੍ਰਧਾਨ ਸੱਚਖੰਡ ਵਾਸੀ ਪਦਮਸ੍ਰੀ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਚੌਥਾ ਸਾਲਾਨਾ ਗੁਰਮਤਿ ਸਮਾਗਮ 27, 28 ਤੇ 29 ਜਨਵਰੀ ਨੂੰ ਤਪੋ-ਭੂਮੀ ਗੁਰਦੁਆਰਾ ਬੜੂ ਸਾਹਿਬ ਵਿਖੇ ਕਰਵਾਇਆ ਗਿਆ | ਇਸ ਮਹਾਨ ਸਮਾਗਮ ਵਿਚ ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਯਾਦ ਵਿਚ 4021 ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮਹਾਨ ਗੁਰਮਤਿ ਸਮਾਗਮ 'ਚ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ | ਇਸ ਸਮਾਗਮ ਮੌਕੇ ਭਾਈ ਹਰਪਾਲ ਸਿੰਘ ਫ਼ਤਹਿਗੜ੍ਹ ਸਾਹਿਬ ਵਾਲੇ, ਸੰਤ ਬਾਬਾ ਕਾਕਾ ਸਿੰਘ, ਬੁੰਗਾ ਮਸਤੂਆਣਾ ਸਾਹਿਬ, ਕੀਰਤਨੀ ਜਥਾ ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿਦਿਆਰਥੀ, ਅਕਾਲ ਗੁਰਮਤਿ ਸੰਗੀਤ ਵਿਦਿਆਲੇ ਦੇ ਵਿਦਿਆਰਥੀ, ਅਨਾਹਦ ਬਾਣੀ ਤੰਤੀ ਸਾਜ਼ ਜਥਾ (ਇੰਟਰਨਲ ਯੂਨੀਵਰਸਿਟੀ) ਵਲੋਂ ਹਾਜ਼ਰੀ ਭਰੀ ਗਈ | ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਚਨਾਂ ਦੀ ਸਾਂਝ ਪਾਈ ਅਤੇ ਉਨ੍ਹਾਂ ਕਿਹਾ ਕਿ ਇਹ ਸਮਾਗਮ ਵਿਸ਼ੇਸ਼ ਤੌਰ 'ਤੇ ਸਰਬ ਸਾਂਝੀਵਾਲਤਾ ਨੂੰ ਸਮਰਪਿਤ ਰਿਹਾ | ਡਾ. ਦਵਿੰਦਰ ਸਿੰਘ ਅਤੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ ਨੇ ਸਮਾਗਮ 'ਤੇ ਪਹੁੰਚੇ ਸਿੰਘ ਸਾਹਿਬਾਨ ਅਤੇ ਕੀਰਤਨੀਏ, ਕਥਾ ਵਾਚਕਾਂ ਅਤੇ ਦੇਸ਼-ਵਿਦੇਸ਼ਾਂ ਤੋਂ ਸੰਗਤ ਵਲੋਂ ਹਾਜ਼ਰੀ ਭਰਨ 'ਤੇ ਧੰਨਵਾਦ ਕੀਤਾ |