ਮੋਗਾ, 22 ਜਨਵਰੀ (ਸੁਰਿੰਦਰਪਾਲ ਸਿੰਘ)-ਜਿਸ ਕਿਸਮ ਦਾ ਅਸੀਂ ਭੋਜਨ ਖਾਂਦੇ ਹਾਂ, ਉਸੇ ਅਨੁਸਾਰ ਸਾਡੀ ਸੋਚ ਅਤੇ ਜੀਵਨ ਆਦਰਸ਼ ਉੱਭਰਦੇ ਹਨ | ਇਹ ਵਿਚਾਰ ਸਟੇਟ ਅਵਾਰਡੀ, ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਅਤੇ ਫਰੀਡਮ ਫਾਈਟਰ ਫਾਰਮਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਬਰਾੜ ਨੇ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਵਲੋਂ ਮੋਗਾ ਵਿਖੇ ਮਾਘੀ ਪੈਲੇਸ ਵਿਚ ਕਰਵਾਏ ਸੀ.ਪੀ.ਆਰ. ਟਰੇਨਿੰਗ ਕੈਂਪ ਦੌਰਾਨ ਸੰਬੋਧਨ ਕਰਦਿਆਂ ਕਹੇ | ਇਹ ਸੀ.ਪੀ.ਆਰ. ਟਰੇਨਿੰਗ ਕੈਂਪ ਤਰਨ ਭੰਡਾਰੀ ਰਾਜਨੀਤਕ ਸਕੱਤਰ ਮੁੱਖ ਮੰਤਰੀ ਹਰਿਆਣਾ ਸਰਕਾਰ, ਅਮਨ ਸ਼ਰਮਾ ਅਤੇ ਸਮੁੱਚੀ ਪ੍ਰਬੰਧਕੀ ਟੀਮ ਵਲੋਂ ਕੀਤਾ ਗਿਆ | ਇਸ ਕੈਂਪ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ | ਇਸ ਮੌਕੇ ਡਾ. ਬਰਾੜ ਨੇ ਕਿਹਾ ਕਿ ਭੋਜਨ ਅਤੇ ਜਲਵਾਯੂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ | ਭੋਜਨ ਸਾਡੀ ਸ਼ਖ਼ਸੀਅਤ ਅਤੇ ਸੋਚ ਉਸਾਰੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਡੱਬਾ ਬੰਦ ਤੇ ਫਾਸਟ ਫੂਡ ਦੀ ਬਜਾਏ ਘਰੇਲੂ ਸਾਦੇ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ | ਭੋਜਨ ਦੇ ਨਾਲ-ਨਾਲ ਹਵਾ ਦਾ ਵੀ ਬਹੁਤ ਹੀ ਮਹੱਤਵਪੂਰਨ ਰੋਲ ਹੈ | ਜੇਕਰ ਅੰਨ ਅਤੇ ਆਕਸੀਜਨ ਸ਼ੁੱਧ ਹੋਣਗੇ ਤਾਂ ਹੀ ਮਨੁੱਖੀ ਸਿਹਤ ਅਤੇ ਜੀਵਨ ਤੰਦਰੁਸਤ ਰਹੇਗਾ | ਤੰਦਰੁਸਤ ਜੀਵਨ ਲਈ ਚੰਗੇ ਜਲਵਾਯੂ ਦੀ ਬਹੁਤ ਮਹੱਤਤਾ ਹੈ ਕਿਉਂਕਿ ਸ਼ੁੱਧ ਆਕਸੀਜਨ, ਸਾਫ਼ ਸੁਥਰੇ ਵਾਤਾਵਰਨ ਤੋਂ ਹੀ ਉਪਲਬਧ ਹੋ ਸਕਦੀ ਹੈ | ਸ਼ੁੱਧ ਤੇ ਸਵੱਛ ਭੋਜਨ ਤੰਦਰੁਸਤ ਮਾਨਸਿਕਤਾ ਲਈ ਅਤਿ ਜ਼ਰੂਰੀ ਹੈ | ਗੰਧਲੇ ਵਾਤਾਵਰਨ ਤੇ ਮਿਲਾਵਟਖੋਰੀ ਖਾਧ ਪਦਾਰਥਾਂ ਨੇ ਮਨੁੱਖ ਨੂੰ ਬਿਮਾਰੀਆਂ ਦੀ ਲਪੇਟ ਵਿਚ ਲਿਆ ਦਿੱਤਾ ਹੈ ਤੇ ਮਨੁੱਖੀ ਔਸਤਨ ਉਮਰ ਲਗਾਤਾਰ ਘਟਦੀ ਜਾ ਰਹੀ ਹੈ |