02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਬਲੂਮਿੰਗ ਬਡਜ਼ ਸਕੂਲ ਵਿਚ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਕੀਤਾ ਜਾਗਰੂਕ

ਅਜੀਤ ਡੈਸਕ 23-01-2026
ਮੋਗਾ, 22 ਜਨਵਰੀ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਅੱਜ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਸਭਾ ਕਰਵਾਈ ਗਈ, ਜਿਸ ਵਿਚ ਸਕੂਲ ਦੇ ਸਾਰੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਭਾਗ ਲਿਆ | ਇਸ ਵਿਸ਼ੇਸ਼ ਸਭਾ ਦਾ ਮੁੱਖ ਵਿਸ਼ਾ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾਲ ਹੋ ਰਹੀਆਂ ਦੁਰਘਟਨਾਵਾਂ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਨੂੰ ਇਸ ਪਲਾਸਟਿਕ ਡੋਰ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨਾ ਸੀ | ਵਿਦਿਆਰਥੀਆਂ ਨੇ ਆਰਟੀਕਲ ਪੇਸ਼ ਕਰਦਿਆਂ ਕਿਹਾ ਕਿ ਹਰ ਸਾਲ ਬਸੰਤ ਪੰਚਮੀ ਦੇ ਤਿਉਹਾਰ ਦੇ ਮੌਕੇ ਬੱਚਿਆਂ ਵਿਚ ਪਤੰਗ ਉਡਾਉਣ ਦਾ ਚਾਅ ਚੜ੍ਹ ਜਾਂਦਾ ਹੈ ਤੇ ਨਾਲ ਹੀ ਚਾਈਨਾ ਡੋਰ ਦੀ ਵਰਤੋਂ ਵਿਚ ਵੀ ਵਾਧਾ ਹੋ ਜਾਂਦਾ ਹੈ | ਪਿਛਲੇ ਦਿਨੀਂ ਚਾਈਨਾ ਡੋਰ ਕਰ ਕੇ ਬਹੁਤ ਸਾਰੇ ਲੋਕਾਂ ਅਤੇ ਬੱਚਿਆਂ ਦੇ ਗਲ, ਨੱਕ, ਕੰਨ ਕੱਟੇ ਜਾ ਚੁੱਕੇ ਹਨ | ਅਨੇਕਾਂ ਹੀ ਪੰਛੀ ਇਸ ਮਾਰੂ ਚਾਈਨਾ ਡੋਰ ਦੇ ਕਾਰਨ ਜ਼ਖ਼ਮੀ ਹੋਏ ਹਨ ਤੇ ਕਈ ਜ਼ਿਲਿ੍ਹਆਂ ਵਿਚ ਤਾਂ ਬੱਚਿਆਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਚਾਈਨਾ ਡੋਰ ਨਾ ਵਰਤਣ ਲਈ ਪ੍ਰੇਰਿਤ ਕੀਤਾ ਤੇ ਇਹ ਪ੍ਰਣ ਲਿਆ ਕਿ ਉਹ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਕਦੇ ਵੀ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨਗੇ ਅਤੇ ਅਗਰ ਉਨ੍ਹਾਂ ਦੇ ਆਸ-ਪਾਸ ਕੋਈ ਚਾਈਨਾ ਡੋਰ ਦੀ ਵਰਤੋਂ ਕਰਦਾ ਹੈ ਜਾਂ ਵੇਚਦਾ ਹੈ ਤਾਂ ਉਨ੍ਹਾਂ ਨੂੰ ਵੀ ਰੋਕਣਗੇ | ਵਿਦਿਆਰਥੀਆਂ ਨੇ ਇਹ ਪ੍ਰਣ ਵੀ ਲਿਆ ਕਿ ਉਹ ਆਪਣੇ ਆਸ-ਪਾਸ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਹੋਰ ਬੱਚਿਆਂ ਨੂੰ ਵੀ ਜਾਗਰੂਕ ਕਰਨਗੇ | ਉਨ੍ਹਾਂ ਕਿਹਾ ਕਿ ਅਸੀਂ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀ ਇੱਕਜੁੱਟ ਹੋ ਕੇ ਇਸ ਖ਼ਤਰਨਾਕ ਡੋਰ ਨੂੰ ਸੁਸਾਇਟੀ 'ਚੋਂ ਬਾਹਰ ਕਰ ਦੇਵਾਂਗੇ | ਇਸ ਦੌਰਾਨ ਵਿਦਿਆਰਥੀਆਂ ਵਲੋਂ ਚਾਈਨਾ ਡੋਰ ਨਾ ਵਰਤਣ ਸਬੰਧੀ ਅਤੇ ਇਸ ਦੇ ਨੁਕਸਾਨ ਨੂੰ ਦਰਸਾਉਂਦੇ ਚਾਰਟ ਪੇਸ਼ ਕੀਤੇ ਗਏ | ਉਨ੍ਹਾਂ ਨੇ ਇਹ ਵੀ ਕਿਹਾ ਕਿ ਛੋਟੇ ਬੱਚਿਆਂ ਨੂੰ ਆਪਣੇ ਮਾਪਿਆਂ ਜਾਂ ਘਰ ਦੇ ਕਿਸੇ ਵੱਡੇ ਵਿਅਕਤੀ ਦੀ ਦੇਖ-ਰੇਖ ਵਿਚ ਹੀ ਪਤੰਗ ਉਡਾਉਣੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਭੁੱਲਰ ਦੀ ਅਗਵਾਈ ਹੇਠ 6 ਪਰਿਵਾਰ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ 32 ਵਿਅਕਤੀ ਪਰਿਵਾਰਾਂ ਸਮੇਤ ਸ਼ੋ੍ਰਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।