ਮੋਗਾ, 21 ਜਨਵਰੀ (ਗੁਰਤੇਜ ਸਿੰਘ ਬੱਬੀ)-ਅੱਜ 22 ਜਨਵਰੀ ਦਿਨ ਵੀਰਵਾਰ ਨੂੰ ਸਮੁੱਚੇ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਆਪਣਾ ਕੰਮ ਕਾਜ ਬੰਦ ਕਰਕੇ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਹੜਤਾਲ 'ਤੇ ਚਲੀ ਗਈ ਹੈ | ਇਸ ਸਬੰਧੀ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਬਚਾਅ ਪੱਖ ਦੇ ਵਕੀਲਾਂ ਦੀ ਨਿਯੁਕਤੀ ਨਾਲ ਸਬੰਧਿਤ ਮੁੱਦਿਆਂ 'ਤੇ ਰਾਜ ਪੱਧਰੀ ਹੜਤਾਲ ਕੀਤੀ ਗਈ ਹੈ ਅਤੇ ਬਾਰ ਐਸੋਸੀਏਸ਼ਨ ਵੀ ਉਸ ਦਾ ਹਿੱਸਾ ਬਣੀ ਹੈ | ਉਨ੍ਹਾਂ ਦੱਸਿਆ ਕਿ ਅਦਾਲਤਾਂ ਵਲੋਂ ਬਹੁਤ ਘੱਟ ਤਾਰੀਖ਼ਾਂ ਨਿਰਧਾਰਿਤ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਬਾਰ ਦੇ ਮੈਂਬਰ ਬਹੁਤ ਦਬਾਅ ਹੇਠ ਹਨ ਅਤੇ ਆਪਣੇ ਮੁਵੱਕਿਲਾਂ ਨੂੰ ਪ੍ਰਭਾਵਸ਼ਾਲੀ ਅਤੇ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਵਿਚ ਅਸਮਰਥ ਹਨ | ਸੀਮਾ ਸਮਾਂ ਵਾਲੇ ਮਾਮਲਿਆਂ ਦੇ ਨਿਰੰਤਰ ਬੋਝ ਨੇ ਸਹੀ ਤਿਆਰੀ ਨੂੰ ਮੁਸ਼ਕਲ ਬਣਾ ਦਿੱਤਾ ਹੈ ਅਤੇ ਕਾਨੂੰਨੀ ਪੇਸ਼ੇ ਦੇ ਮਿਆਰਾਂ ਨੂੰ ਪ੍ਰਭਾਵਿਤ ਕੀਤਾ ਹੈ | ਇਸ ਤੋਂ ਇਲਾਵਾ ਰਾਜ ਦੁਆਰਾ ਕਾਨੂੰਨੀ ਸਹਾਇਤਾ ਬਚਾਅ ਪੱਖ ਦੇ ਵਕੀਲਾਂ ਨੂੰ ਸ਼ਾਮਲ ਕਰਨ ਦੀ ਨੀਤੀ ਨੇ ਕਾਨੂੰਨੀ ਪੇਸ਼ੇ ਦੀ ਆਜ਼ਾਦੀ ਅਤੇ ਮਾਣ ਨੂੰ ਭਾਰੀ ਸੱਟ ਮਾਰੀ ਹੈ | ਆਪਣੀਆਂ ਮੰਗਾਂ ਨੂੰ ਲੈ ਕੇ ਸਮੁੱਚੀ ਸੂਬੇ ਦੀ ਬਾਰ ਐਸੋਸੀਏਸ਼ਨ ਨੇ ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਨੂੰ ਸਿਫ਼ਾਰਸ਼ ਕੀਤੀ ਕਿ ਇਸ ਕਾਨੂੰਨੀ ਸਹਾਇਤਾ ਪੈਨਲ ਵਕੀਲਾਂ ਦੀ ਪਹਿਲੇ ਵਾਲੀ ਪ੍ਰਣਾਲੀ ਨੂੰ ਬਹਾਲ ਕੀਤਾ ਜਾਵੇ | ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਹੀ ਬਾਰ ਐਸੋਸੀਏਸ਼ਨਾਂ ਨੇ ਉਕਤ ਸਿਸਟਮ ਦੇ ਖ਼ਿਲਾਫ਼ ਲੜਾਈ ਲੜਨ ਦਾ ਪ੍ਰਣ ਲਿਆ ਹੈ | ਇਸ ਮੌਕੇ ਜਨਰਲ ਸੈਕਟਰੀ ਰਾਜੀਵ ਮਿੱਤਲ, ਮੀਤ ਪ੍ਰਧਾਨ ਪਰਮਿੰਦਰ ਸਿੰਘ ਸੰਧੂ, ਫਾਈਨਾਂਸ ਸਕੱਤਰ ਅੰਕਿਤ ਗਰਗ, ਗੁਰਪ੍ਰੀਤ ਸਿੰਘ ਚਾਹਲ, ਵਰਦਾਨ ਗਰਗ,ਨਵੀਨ ਪਲਤਾ, ਕੇਵਲ ਕਿ੍ਸ਼ਨ ਗੁਪਤਾ, ਹਰਜੀਤ ਸਿੰਘ ਨਿਧਾਂ ਵਾਲਾ, ਸਾਬਕਾ ਬਾਰ ਪ੍ਰਧਾਨ ਐਡਵੋਕੇਟ ਰਮੇਸ਼ ਗਰੋਵਰ, ਹਰਪਾਲ ਸਿੰਘ ਗਿੱਲ, ਕੇ ਪੀ ਐਸ ਗਿੱਲ, ਮੀਨਾ ਸ਼ਰਮਾ, ਹਰਪ੍ਰੀਤ ਸਿੰਘ ਗਿੱਲ, ਸਾਬਕਾ ਬਾਰ ਪ੍ਰਧਾਨ ਐਡਵੋਕੇਟ ਰਣਜੀਤ ਸਿੰਘ ਭਾਊ, ਵਨੀਤ ਜੈਦਕਾ, ਗਗਨਦੀਪ ਸਿੰਘ ਬਰਾੜ, ਰੋਹਿਤ ਸੂਦ, ਕੇਤਨ ਸੂਦ, ਹਰਦੀਪ ਸਿੰਘ ਸੇਤੀਆ, ਕੁਲਵਿੰਦਰ ਸ਼ਰਮਾ ਆਦਿ ਐਡਵੋਕੇਟ ਹਾਜ਼ਰ ਸਨ |