19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਬਸੰਤ ਪੰਚਮੀ 'ਤੇ ਪਤੰਗਾਂ ਉਡਾਉਣ ਦੇ ਸ਼ੌਕੀਨਾਂ 'ਤੇ ਇਸ ਵਾਰ ਭਾਰੂ ਪਵੇਗੀ ਚਾਈਨਾ ਡੋਰ

ਅਜੀਤ ਡੈਸਕ 22-01-2026
ਮੋਗਾ, 21 ਜਨਵਰੀ (ਗੁਰਤੇਜ ਸਿੰਘ ਬੱਬੀ)-ਭਲਕੇ 23 ਫਰਵਰੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਹੈ ਤੇ ਇਸ ਤਿਉਹਾਰ ਨੂੰ ਖੁਸ਼ੀਆਂ ਖੇੜਿਆਂ ਦਾ ਤਿਉਹਾਰ ਵੀ ਮੰਨਿਆਂ ਜਾਂਦਾ ਹੈ | ਬਸੰਤ ਰੁੱਤ ਨੂੰ ਪ੍ਰਕਿਰਤੀ ਦੇ ਵਿਚ ਨਵੀਂ ਚੇਤਨਾ ਦਾ ਪ੍ਰਤੀਕ ਵੀ ਮੰਨਿਆਂ ਜਾਂਦਾ ਹੈ ਕਿਉਂਕਿ ਅਤਿ ਦੀ ਸਰਦੀ ਤੋਂ ਬਾਅਦ ਮੁਰਝਾ ਚੁੱਕੇ ਦਰਖਤ ਤੇ ਫੁੱਲ ਇਕ ਵਾਰ ਫਿਰ ਝੂਮ ਤੇ ਖਿੜ ਉੱਠਦੇ ਹਨ | ਭਾਵੇਂ ਕਿ ਧਾਰਮਿਕ ਤੌਰ 'ਤੇ ਇਸ ਦਿਨ ਮਾਤਾ ਸਰਸਵਤੀ ਦੀ ਪੂਜਾ ਵੀ ਕੀਤੀ ਜਾਂਦੀ ਹੈ ਪਰ ਪੰਜਾਬ ਵਿਚ ਇਸ ਪਵਿੱਤਰ ਤਿਉਹਾਰ ਨੂੰ ਪਤੰਗਾਂ ਉਡਾਉਣ ਦੇ ਮੁਕਾਬਲਿਆਂ ਨਾਲ ਵੀ ਜੋੜਿਆ ਜਾਂਦਾ ਹੈ | ਜੇਕਰ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ ਸਭ ਤੋਂ ਵੱਧ ਪਤੰਗਾਂ ਉਡਾਉਣ ਦੇ ਸ਼ੁਕੀਨ ਫਿਰੋਜ਼ਪੁਰ ਅਤੇ ਸ੍ਰੀ ਅੰਮਿ੍ਤਸਰ ਸਾਹਿਬ ਦੇ ਲੋਕ ਹਨ ਜਿੱਥੇ ਪਤੰਗਾਂ ਉਡਾਉਣ ਦੇ ਨਾਲ ਨਾਲ ਲੋਕ ਡੀ.ਜੀ. 'ਤੇ ਨੱਚ ਕੇ ਖੁਸ਼ੀਆਂ ਮਨਾਉਂਦੇ ਹਨ | ਬੀਤੇ ਕਈ ਸਾਲਾਂ ਤੋਂ ਚੀਨ ਤੋਂ ਆ ਰਹੀ ਡਰੈਗਨ ਡੋਰ (ਚਾਈਨਾ ਡੋਰ) ਵੀ ਪਤੰਗਾਂ ਉਡਾਉਣ ਦੇ ਸ਼ੁਕੀਨ ਵਰਤੋਂ ਵਿਚ ਲਿਆਉਂਦੇ ਆ ਰਹੇ ਹਨ ਤੇ ਇਹ ਡੋਰ ਏਨੀ ਖਤਰਨਾਕ ਹੁੰਦੀ ਹੈ ਕਿ ਜੇਕਰ ਕਿਸੇ ਵਿਅਕਤੀ ਦੇ ਗਲ ਵਿਚ ਫਸ ਜਾਵੇ ਤਾਂ ਗਲਾ ਤੇ ਨੱਕ ਬੁੱਲ੍ਹ ਆਦਿ ਕੱਟੇ ਜਾਣ ਤੋਂ ਇਲਾਵਾ ਇਹ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ | ਇਸ ਤੋਂ ਇਲਾਵਾ ਅਸਮਾਨ ਵਿਚ ਉੱਡਦੇ ਪੰਛੀ ਵੀ ਇਸ ਦੀ ਲਪੇਟ ਵਿਚ ਆ ਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ | ਭਾਵੇਂ ਕਿ ਹਰ ਵਾਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਆਪੋ ਆਪਣੇ ਜ਼ਿਲਿ੍ਹਆਂ ਵਿਚ ਇਸ ਡੋਰ 'ਤੇ ਪਾਬੰਦੀ ਲਾਉਂਦਾ ਹੈ ਤੇ ਇਸ ਨੂੰ ਵੇਚਣਾਂ ਇਕ ਕਾਨੂੰਨੀ ਜੁਰਮ ਮੰਨਿਆਂ ਜਾਂਦਾ ਹੈ ਪਰ ਸਰਕਾਰਾਂ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਢਿੱਲੀ ਕਾਰਵਾਈ ਦਾ ਫਾਇਦਾ ਉਠਾ ਕੇ ਕੁਝ ਦੁਕਾਨਦਾਰ ਲਾਲਚ ਵੱਸ ਡਰੈਗਨ ਡੋਰ ਨੂੰ ਚੋਰ ਮੋਰੀਆਂ ਰਾਹੀਂ ਵੇਚ ਦਿੰਦੇ ਹਨ ਤੇ ਇਹ ਡਰੈਗਨ ਡੋਰ ਅੱਗੇ ਜਾ ਕੇ ਵੱਡੇ ਨੁਕਸਾਨ ਦਾ ਕਾਰਨ ਬਣਦੀ ਹੈ | ਪਰ ਇਸ ਵਾਰ ਜਿੱਥੇ ਸਰਕਾਰ ਨੇ ਚਾਈਨਾ ਡੋਰ ਪ੍ਰਤੀ ਆਪਣਾ ਸਖਤ ਰਵੱਈਆ ਅਪਣਾਇਆ ਹੈ ਉੱਥੇ ਪੰਜਾਬ ਪੁਲਿਸ ਵਲੋਂ ਵੀ ਡਰੈਗਨ ਡੋਰ ਫੜੇ ਜਾਣ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ | ਸੋ ਬਸੰਤ ਪੰਚਮੀ 'ਤੇ ਪਤੰਗਾਂ ਉਡਾਉਣ ਦੇ ਸ਼ੌਕੀਨ ਤੇ ਡੋਰ ਵੇਚਣ ਵਾਲੇ ਦੁਕਾਨਦਾਰ ਇਸ ਵਾਰ ਚਾਇਨਾ ਡੋਰ ਤੋਂ ਦੂਰ ਹੀ ਰਹਿਣ ਤਾਂ ਚੰਗਾ ਹੋਵੇਗਾ ਨਹੀਂ ਤਾਂ ਕਾਨੂੰਨੀ ਕਾਰਵਾਈ ਉਨ੍ਹਾਂ 'ਤੇ ਭਾਰੀ ਪਵੇਗੀ | ਇਥੇ ਜ਼ਿਕਰਯੋਗ ਹੈ ਕਿ ਬਸੰਤ ਰੁੱਤ ਦੀ ਇਹ ਧਾਰਨਾ ਵੀ ਬਣੀ ਹੈ ਕਿ ਅਤਿ ਦੀ ਸਰਦੀ ਤੋਂ ਬਾਅਦ ਇਸ ਦਿਨ ਤੋਂ ਠੰਢ ਤੋਂ ਰਾਹਤ ਮਿਲਦੀ ਹੈ ਤੇ ਇਸ ਲਈ ਇਹ ਵੀ ਆਖਿਆ ਜਾਂਦਾ ਹੈ ਕਿ 'ਆਈ ਬਸੰਤ ਪਾਲਾ ਉਡੰਤ' |
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਮੋਗਾ ਅੱਜ ਹੜਤਾਲ 'ਤੇ <br/> ਅਗਲੀ ਖ਼ਬਰ ਬੱਧਨੀ ਕਲਾਂ ਪੁਲਿਸ ਵਲੋਂ ਵੱਖ-ਵੱਖ ਕੇਸਾਂ 'ਚ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।