ਮੋਗਾ, 21 ਜਨਵਰੀ (ਗੁਰਤੇਜ ਸਿੰਘ ਬੱਬੀ)-ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵਲੋਂ ਸਮੁੱਚੇ ਪੰਜਾਬ ਵਿਚ ਗੈਂਗਸਟਰਾਂ ਦੇ ਖ਼ਿਲਾਫ਼ ਚਲਾਈ ਗਈ ਅਪ੍ਰੇਸ਼ਨ ਮੁਹਿੰਮ ਪ੍ਰਹਾਰ ਦਾ ਹਿੱਸਾ ਮੋਗਾ ਪੁਲਿਸ ਬਣੀ ਹੈ | ਅੱਜ ਇਸ ਮੁਹਿੰਮ ਦੇ ਦੂਸਰੇ ਦਿਨ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੋਗਾ ਜ਼ਿਲੇ੍ਹ ਵਿਚ ਵੀ ਬਾਹਰ ਬੈਠੇ ਗੈਂਗਸਟਰਾਂ ਦੇ ਜ਼ਿਲ੍ਹਾ ਮੋਗਾ ਵਿਚ ਉਨ੍ਹਾਂ ਦੇ ਸ੍ਰੋਤਾਂ ਨੂੰ ਖ਼ਤਮ ਕਰਨ ਲਈ ਪ੍ਰਹਾਰ ਮੁਹਿੰਮ ਤਹਿਤ ਜ਼ਿਲੇ੍ਹ 'ਚ ਮੋਗਾ ਪੁਲਿਸ ਦੀਆਂ ਚਾਰ ਵੱਡੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਜਿਸ ਦੀ ਅਗਵਾਈ ਸਾਰੇ ਐਸ.ਪੀ., ਡੀ.ਐਸ.ਪੀ. ਅਤੇ ਸਾਰੇ ਥਾਣਿਆਂ ਦੇ ਮੁਖੀ ਇਸ ਆਪ੍ਰੇਸ਼ਨ ਦਾ ਹਿੱਸਾ ਬਣ ਕੇ ਕੰਮ ਕਰਨਗੇ ਤੇ ਚਾਰ ਸੌ ਦੇ ਕਰੀਬ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਦੋ ਦਿਨਾ ਵਿਚ ਮੋਗਾ ਪੁਲਿਸ ਵਲੋਂ ਸਫਲਤਾ ਹਾਸਲ ਕਰਦਿਆਂ 58 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚ 17 ਐਨ. ਡੀ.ਪੀ. ਐਸ ਐਕਟ ਤਹਿਤ ਅਤੇ 19 ਉਹ ਵਿਅਕਤੀ ਜਿਹੜੇ ਵੱਖ-ਵੱਖ ਮੁਕੱਦਮਿਆਂ ਵਿਚ ਲੋੜੀਦੇ ਹਨ ਸ਼ਾਮਿਲ ਹਨ | ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਜਿਹੜੇ ਲੋਕ ਗੈਰ ਕਾਨੂੰਨੀ ਅਸਲਾ ਰੱਖ ਰਹੇ ਹਨ, ਉਨ੍ਹਾਂ ਦੇ ਖ਼ਿਲਾਫ਼ ਮੋਗਾ ਪੁਲਿਸ ਨੇ ਪੂਰੀ ਤਰ੍ਹਾਂ ਸ਼ਿਕੰਜਾ ਕੱਸ ਲਿਆ ਹੈ | ਇਸ ਤੋਂ ਇਲਾਵਾ ਜੋ ਵੀ ਲੋਕ ਅਪਰਾਧੀ ਤੱਤਾਂ ਨੂੰ ਪਨਾਹ ਦਿੰਦੇ ਹਨ ਜਾਂ ਗੈਂਗਸਟਰਾਂ ਦੇ ਇਸ਼ਾਰਿਆਂ 'ਤੇ ਕੰਮ ਕਰਦੇ ਹਨ, ਉਹ ਮੋਗਾ ਪੁਲਿਸ ਨੇ ਆਪਣੇ ਸੋ੍ਰਤਾਂ ਨਾਲ ਟਰੇਸ ਕਰ ਲਏ ਹਨ ਤੇ ਜਲਦ ਹੀ ਜੇਲ੍ਹ ਦੀਆਂ ਸਲਾਖ਼ਾਂ ਦੇ ਪਿੱਛੇ ਹੋਣਗੇ ਅਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਹਰਗਿਜ਼ ਬਖਸੇ ਨਹੀਂ ਜਾਣਗੇ ਤੇ ਅਪ੍ਰੇਸ਼ਨ ਮੁਹਿੰਮ ਪ੍ਰਹਾਰ ਜਾਰੀ ਰਹੇਗੀ | ਇਸ ਮੌਕੇ ਉਨ੍ਹਾਂ ਨਾਲ ਡੀ.ਐਸ.ਪੀ. ਸਿਟੀ ਗੁਰਪ੍ਰੀਤ ਸਿੰਘ ਸਰਾਂ ਵੀ ਹਾਜ਼ਰ ਸਨ |