ਬਾਸਮਤੀ ਦੇ ਰਿਕਾਰਡ ਭਾਅ ਦੇਖ ਕੇ ਜ਼ਮੀਨਾਂ ਦੇ ਠੇਕੇ ਵਧਾਉਣੇ ਕਿਸਾਨਾਂ ਨੂੰ ਪੈ ਸਕਦੇ ਹਨ ਮਹਿੰਗੇ
ਮੂਣਕ, 27 ਨਵੰਬਰ (ਕੇਵਲ ਸਿੰਗਲਾ)-ਇਸ ਸਾਲ ਬਾਸਮਤੀ ਦੇ ਮਿਲੇ ਰਿਕਾਰਡ ਭਾਅ ਅਤੇ ਫ਼ਸਲ ਦੇ ਚੰਗੇ ਝਾੜ ਨੇ ਕਿਸਾਨਾਂ ਨੂੰ ਭਾਵੇਂ ਆਰਥਿਕ ਰਾਹਤ ਦਿੱਤੀ ਹੈ ਪਰ ਇਹ ਖ਼ੁਸ਼ਹਾਲੀ ਅਗਲੇ ਸੀਜ਼ਨ ’ਚ ਕਿਸਾਨਾਂ ਲਈ ਨਵੀਂ ਆਰਥਿਕ ਚੁਣੌਤੀ ਵੀ ਖੜ੍ਹੀ ਕਰ ਸਕਦੀ ਹੈ। ਖ਼ਾਸ ਕਰਕੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੌਜੂਦਾ ਭਾਅ ਤੋਂ ਪ੍ਰਭਾਵਿਤ ਹੋ ਕੇ ਅਗਲੇ ਸਾਲ ਲਈ ਜ਼ਮੀਨਾਂ ਦੇ ਠੇਕੇ ਵਧਾਉਣ ਜਾਂ ਖੇਤੀ ਹੇਠ ਰਕਬਾ ਵਧਾਉਣ ਦਾ ਫ਼ੈਸਲਾ ਬੇਹੱਦ ਸੋਚ-ਸਮਝ ਕੇ ਲੈਣਾ ਪਵੇਗਾ।
ਮੂਣਕ, 27 ਨਵੰਬਰ (ਕੇਵਲ ਸਿੰਗਲਾ)-ਇਸ ਸਾਲ ਬਾਸਮਤੀ ਦੇ ਮਿਲੇ ਰਿਕਾਰਡ ਭਾਅ ਅਤੇ ਫ਼ਸਲ ਦੇ ਚੰਗੇ ਝਾੜ ਨੇ ਕਿਸਾਨਾਂ ਨੂੰ ਭਾਵੇਂ ਆਰਥਿਕ ਰਾਹਤ ਦਿੱਤੀ ਹੈ ਪਰ ਇਹ ਖ਼ੁਸ਼ਹਾਲੀ ਅਗਲੇ ਸੀਜ਼ਨ ’ਚ ਕਿਸਾਨਾਂ ਲਈ ਨਵੀਂ ਆਰਥਿਕ ਚੁਣੌਤੀ ਵੀ ਖੜ੍ਹੀ ਕਰ ਸਕਦੀ ਹੈ। ਖ਼ਾਸ ਕਰਕੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੌਜੂਦਾ ਭਾਅ ਤੋਂ ਪ੍ਰਭਾਵਿਤ ਹੋ ਕੇ ਅਗਲੇ ਸਾਲ ਲਈ ਜ਼ਮੀਨਾਂ ਦੇ ਠੇਕੇ ਵਧਾਉਣ ਜਾਂ ਖੇਤੀ ਹੇਠ ਰਕਬਾ ਵਧਾਉਣ ਦਾ ਫ਼ੈਸਲਾ ਬੇਹੱਦ ਸੋਚ-ਸਮਝ ਕੇ ਲੈਣਾ ਪਵੇਗਾ। ਕਿਉਂਕਿ ਇਸ ਸਾਲ ਮਿਲੀ ਚੰਗੀ ਆਮਦਨ ਅਗਲੇ ਸਾਲ ਵੀ ਮਿਲੇਗੀ, ਇਸ ਦੀ ਕੋਈ ਗਾਰੰਟੀ ਨਹੀਂ ਹੈ। ਖੇਤੀਬਾੜੀ ਖੇਤਰ ’ਚ ਇਹ ਰੁਝਾਨ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਫ਼ਸਲ ਦੇ ਭਾਅ ਚੰਗੇ ਮਿਲਣ ’ਤੇ ਅਗਲੇ ਸੀਜ਼ਨ ਦੌਰਾਨ ਉਸ ਦੀ ਕਾਸ਼ਤ ਹੇਠ ਰਕਬਾ ਵਧਣ ਲੱਗਦਾ ਹੈ। ਇਸ ਵਾਰ ਬਾਸਮਤੀ ਦੇ ਚੰਗੇ ਭਾਅ ਕਾਰਨ ਵੀ ਕਈ ਕਿਸਾਨ ਅਗਲੇ ਸਾਲ ਇਸ ਦੀ ਕਾਸ਼ਤ ਵਧਾਉਣ ਬਾਰੇ ਸੋਚ ਸਕਦੇ ਹਨ। ਦੂਜੇ ਪਾਸੇ ਜ਼ਮੀਨ ਮਾਲਕ ਵੀ ਕਿਸਾਨਾਂ ਦੀ ਇਸ ਸਾਲ ਹੋਈ ਚੰਗੀ ਕਮਾਈ ਨੂੰ ਆਧਾਰ ਬਣਾ ਕੇ ਜ਼ਮੀਨਾਂ ਦੇ ਠੇਕਿਆਂ ’ਚ ਵਾਧੇ ਦੀ ਮੰਗ ਕਰ ਸਕਦੇ ਹਨ। ਰਕਬਾ ਵਧਿਆ ਤਾਂ ਮੰਡੀ ’ਚ ਵਧ ਸਕਦੀ ਹੈ ਸਪਲਾਈ ਬਾਸਮਤੀ ਦੇ ਭਾਅ ਨਿਰਧਾਰਤ ਕਰਨ ’ਚ ਮੰਗ ਅਤੇ ਪੂਰਤੀ ਦੀ ਅਹਿਮ ਭੂਮਿਕਾ ਹੈ ਕਿਉਂਕਿ ਬਾਸਮਤੀ ਦੀ ਖ਼ਰੀਦ ਸਰਕਾਰੀ ਘੱਟੋ-ਘੱਟ ਸਮਰਥਨ ਮੁੱਲ ਵਾਲੇ ਪ੍ਰਬੰਧ ਦੀ ਬਜਾਏ ਮੁੱਖ ਤੌਰ ’ਤੇ ਨਿੱਜੀ ਵਪਾਰੀਆਂ ਅਤੇ ਬਰਾਮਦਕਾਰਾਂ ਵਲੋਂ ਕੀਤੀ ਜਾਂਦੀ ਹੈ, ਇਸ ਲਈ ਇਸ ਦੇ ਭਾਅ ਬਾਜ਼ਾਰ ਦੀਆਂ ਸਥਿਤੀਆਂ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ। ਜੇਕਰ ਮੌਜੂਦਾ ਸਾਲ ਦੇ ਚੰਗੇ ਭਾਅ ਦੇਖ ਕੇ ਅਗਲੇ ਸੀਜ਼ਨ ਵਿੱਚ ਵੱਡੀ ਗਿਣਤੀ ਕਿਸਾਨ ਬਾਸਮਤੀ ਹੇਠ ਰਕਬਾ ਵਧਾ ਦਿੰਦੇ ਹਨ ਤਾਂ ਮੰਡੀ ਵਿੱਚ ਇਸ ਦੀ ਸਪਲਾਈ ਵਧ ਸਕਦੀ ਹੈ। ਇਸ ਦੇ ਉਲਟ ਜੇਕਰ ਵਿਦੇਸ਼ੀ ਬਾਜ਼ਾਰਾਂ ਵਿਚ ਮੰਗ ਉਸ ਅਨੁਪਾਤ ਵਿਚ ਨਾ ਵਧੀ ਤਾਂ ਵਾਧੂ ਪੈਦਾਵਾਰ ਕਾਰਨ ਭਾਅ ਹੇਠਾਂ ਆਉਣ ਦਾ ਖ਼ਦਸ਼ਾ ਬਣ ਸਕਦਾ ਹੈ। ਬਾਸਮਤੀ ਦਾ ਬਾਜ਼ਾਰ ਸਿਰਫ਼ ਪੰਜਾਬ ਜਾਂ ਦੇਸ਼ ਦੀਆਂ ਮੰਡੀਆਂ ਤੱਕ ਸੀਮਤ ਨਹੀਂ, ਸਗੋਂ ਇਸ ਦਾ ਵੱਡਾ ਹਿੱਸਾ ਅੰਤਰਰਾਸ਼ਟਰੀ ਵਪਾਰ ਅਤੇ ਬਰਾਮਦ ਨਾਲ ਜੁੜਿਆ ਹੋਇਆ ਹੈ। ਸਾਊਦੀ ਅਰਬ, ਈਰਾਨ, ਇਰਾਕ ਅਤੇ ਹੋਰਨਾਂ ਦੇਸ਼ਾਂ ’ਚ ਮੰਗ, ਪਾਕਿਸਤਾਨ ਸਮੇਤ ਹੋਰਨਾਂ ਬਾਸਮਤੀ ਉਤਪਾਦਕ ਦੇਸ਼ਾਂ ਦੀ ਪੈਦਾਵਾਰ, ਦਰਾਮਦ-ਬਰਾਮਦ ਨੀਤੀਆਂ, ਕੌਮਾਂਤਰੀ ਵਪਾਰਕ ਹਾਲਾਤ ਅਤੇ ਖ਼ਰੀਦਦਾਰਾਂ ਦੀਆਂ ਲੋੜਾਂ ਬਾਸਮਤੀ ਦੇ ਭਾਅ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਲਈ ਸਿਰਫ਼ ਇਕ ਸਾਲ ਦੇ ਭਾਅ ਦੇ ਆਧਾਰ ’ਤੇ ਅਗਲੇ ਸਾਲ ਦੀ ਆਮਦਨ ਦਾ ਅੰਦਾਜ਼ਾ ਲਗਾਉਣਾ ਕਿਸਾਨਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਠੇਕੇ ਦੀਆਂ ਵਧਦੀਆਂ ਕੀਮਤਾਂ ਬਣ ਸਕਦੀਆਂ ਹਨ ਕਾਸ਼ਤਕਾਰਾਂ ਲਈ ਮੁਸ਼ਕਲਾਂ ਇਸ ਸਾਰੇ ਮਾਮਲੇ ਦਾ ਸਭ ਤੋਂ ਚਿੰਤਾਜਨਕ ਪਹਿਲੂ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਆਰਥਿਕ ਸਥਿਤੀ ਹੈ। ਆਪਣੀ ਜ਼ਮੀਨ ਵਾਲੇ ਕਿਸਾਨਾਂ ਦੇ ਮੁਕਾਬਲੇ ਠੇਕੇ ਵਾਲੇ ਕਿਸਾਨਾਂ ਨੂੰ ਫ਼ਸਲ ਬੀਜਣ ਤੋਂ ਪਹਿਲਾਂ ਹੀ ਵੱਡੀ ਰਕਮ ਜ਼ਮੀਨ ਦੇ ਮਾਲਕ ਨੂੰ ਅਦਾ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਬੀਜ, ਖਾਦਾਂ, ਕੀਟਨਾਸ਼ਕ ਦਵਾਈਆਂ, ਡੀਜ਼ਲ, ਮਜ਼ਦੂਰੀ, ਸਿੰਜਾਈ ਅਤੇ ਕਟਾਈ ਵਰਗੇ ਖ਼ਰਚੇ ਵੀ ਉਨ੍ਹਾਂ ਦੇ ਸਿਰ ਹੁੰਦੇ ਹਨ। ਜੇਕਰ ਚੰਗੇ ਭਾਅ ਦੀ ਉਮੀਦ ਵਿਚ ਕਿਸਾਨ ਮਹਿੰਗੇ ਠੇਕੇ ‘ਤੇ ਵਧੇਰੇ ਜ਼ਮੀਨ ਲੈ ਲੈਂਦੇ ਹਨ ਅਤੇ ਅਗਲੇ ਸਾਲ ਮੰਡੀ ਵਿੱਚ ਭਾਅ ਡਿੱਗ ਜਾਂਦੇ ਹਨ ਜਾਂ ਫ਼ਸਲ ਦਾ ਝਾੜ ਘੱਟ ਰਹਿੰਦਾ ਹੈ ਤਾਂ ਉਨ੍ਹਾਂ ਲਈ ਲਾਗਤ ਕੱਢਣੀ ਵੀ ਮੁਸ਼ਕਲ ਹੋ ਸਕਦੀ ਹੈ। ਅਜਿਹੇ ਹਾਲਾਤ ਵਿੱਚ ਕਿਸਾਨਾਂ ਨੂੰ ਆਪਣੀਆਂ ਵਿੱਤੀ ਲੋੜਾਂ ਪੂਰੀਆਂ ਕਰਨ ਲਈ ਕਰਜ਼ੇ ਦਾ ਸਹਾਰਾ ਲੈਣਾ ਪੈ ਸਕਦਾ ਹੈ। ਕਿਸਾਨ ਪਿਛਲੇ ਸਾਲਾਂ ਦੇ ਔਸਤ ਭਾਅ ਦੇ ਆਧਾਰ ’ਤੇ ਬਣਾਉਣ ਰਣਨੀਤੀ ਖੇਤੀ ਮਾਹਿਰਾਂ ਅਨੁਸਾਰ ਕਿਸਾਨਾਂ ਨੂੰ ਅਗਲੇ ਸੀਜ਼ਨ ਦੀ ਯੋਜਨਾਬੰਦੀ ਕਰਦਿਆਂ ਸਿਰਫ਼ ਮੌਜੂਦਾ ਸਾਲ ਦੇ ਰਿਕਾਰਡ ਭਾਅ ਨੂੰ ਆਧਾਰ ਨਹੀਂ ਬਣਾਉਣਾ ਚਾਹੀਦਾ, ਸਗੋਂ ਪਿਛਲੇ ਕਈ ਸਾਲਾਂ ਦੇ ਔਸਤ ਭਾਅ, ਸੰਭਾਵਿਤ ਝਾੜ, ਕੁੱਲ ਆਮਦਨ ਨੂੰ ਮੁੱਖ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਵੀ ਬਾਸਮਤੀ ਦੇ ਬਾਜ਼ਾਰ ਵਿੱਚ ਆਉਣ ਵਾਲੇ ਸੰਭਾਵਿਤ ਉਤਰਾਅ-ਚੜ੍ਹਾਅ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਤੋਂ ਹੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ਬਾਸਮਤੀ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ, ਨਵੇਂ ਅੰਤਰਰਾਸ਼ਟਰੀ ਬਾਜ਼ਾਰ ਤਲਾਸ਼ਣ, ਕਿਸਾਨਾਂ ਨੂੰ ਮੰਡੀ ਦੇ ਰੁਝਾਨਾਂ ਬਾਰੇ ਸਮੇਂ ਸਿਰ ਜਾਣਕਾਰੀ ਦੇਣ ਅਤੇ ਉਨ੍ਹਾਂ ਦੀ ਆਰਥਿਕ ਸੁਰੱਖਿਆ ਲਈ ਢੁਕਵੇਂ ਕਦਮ ਚੁੱਕਣ ਦੀ ਲੋੜ ਹੈ।