ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਹਮੇਸ਼ਾ ਨੌਜਵਾਨ ਪੀੜ੍ਹੀ ਨੂੰ ਦੇਸ਼ ਸੇਵਾ ਦੀ ਪ੍ਰੇਰਨਾ ਦਿੰਦੀ ਰਹੇਗੀ-ਮੁੱਖ ਮੰਤਰੀ
ਸ਼ਹੀਦੀ ਦਿਹਾੜੇ ਮੌਕੇ ਭਗਵੰਤ ਮਾਨ ਰਾਜ ਪੱਧਰੀ ਸਮਾਗਮ ’ਚ ਹੋਏ ਸ਼ਾਮਿਲ
ਪੱਖੋਵਾਲ-ਸਰਾਭਾ/ਜੋਧਾਂ, 16 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ, ਗੁਰਵਿੰਦਰ ਸਿੰਘ ਹੈਪੀ)-ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ ਉਹ ਸਦਾ ਚੜ੍ਹਦੀ ਕਲਾ ’ਚ ਰਹਿੰਦੀਆਂ ਹਨ।
ਪੱਖੋਵਾਲ-ਸਰਾਭਾ/ਜੋਧਾਂ, 16 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ, ਗੁਰਵਿੰਦਰ ਸਿੰਘ ਹੈਪੀ)-ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ ਉਹ ਸਦਾ ਚੜ੍ਹਦੀ ਕਲਾ ’ਚ ਰਹਿੰਦੀਆਂ ਹਨ। ਇਹ ਪ੍ਰਗਟਾਵਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 111ਵੇਂ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਸਰਾਭਾ ’ਚ ਉਨ੍ਹਾਂ ਦੇ ਬੁੱਤ ’ਤੇ ਫੁੱਲ ਮਲਾਵਾਂ ਭੇਂਟ ਕਰਨ ਉਪਰੰਤ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਨਿਸ਼ਾਵਰ ਕਰਨ ਦਾ ਫ਼ੈਸਲਾ ਲਿਆ ਜੋ ਕਿ ਹਮੇਸ਼ਾਂ ਸਾਡੀ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤੀ ਦੀ ਪ੍ਰੇਰਣਾ ਦਿੰਦਾ ਰਹੇਗਾ। ਇਸ ਮੌਕੇ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਚਾਲੂ ਕਰਵਾਉਣ। ਇਸ ਮੌਕੇ ਉਨ੍ਹਾਂ ਸਰਾਭਾ ’ਚ ਨਵੇਂ ਬਣੇ 187ਵੇਂ ਮੁਹੱਲਾ ਕਲੀਨਿਕ ਦਾ ਉਦਘਾਟਨ ਵੀ ਕੀਤਾ। ਗ੍ਰਾਮ ਪੰਚਾਇਤ ਤੇ ਸਪੋਰਟਸ ਕਲੱਬ ਵਲੋਂ ਦਿੱਤੇ ਮੰਗ ਪੱਤਰ ’ਤੇ ਫੁੱਲ ਚੜਾਉਂਦਿਆਂ ਉਨ੍ਹਾਂ ਸਪੋਰਟਸ ਕਲੱਬ ਦੇ ਨਵੀਂਨੀਕਰਨ ਲਈ 51 ਲੱਖ ਰੁਪਏ ਦੀ ਗ੍ਰਾਂਟ ਦੇਣ ਤੋਂ ਇਲਾਵਾ ਪਿੰਡ ਸਰਾਭਾ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾਂ ਸਰਕਾਰ ਦੇ ਖਜਾਨੇ ਖੁੱਲ੍ਹੇ ਰੱਖਣ ਦਾ ਭਰੋਸਾ ਦਿੱਤਾ ਤੇ ਕੌਮੀ ਫੁੱਟਬਾਲ ਟੂਰਨਾਮੈਂਟ ਦਾ ਮੈਚ ਸਰਾਭਾ ’ਚ ਕਰਵਾਉਣ ਦਾ ਭਰੋਸਾ ਦਿੱਤਾ।ਸਮਾਗਮ ਦੇ ਆਖਰ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਨਮਾਨ ਚਿੰਨ੍ਹ ਸਪੋਰਟਸ ਕਲੱਬ ਦੇ ਚੇਅਰਮੈਨ ਰਾਜਵੀਰ ਸਿੰਘ, ਉੱਪ ਪ੍ਰਧਾਨ ਦਵਿੰਦਰ ਸਿੰਘ, ਸਰਪੰਚ ਕਮਲਜੀਤ ਕੌਰ ਤੇ ਚੇਅਰਮੈਨ ਸਰਾਭਾ ਹਸਪਤਾਲ ਸ: ਜਤਿੰਦਰ ਸਿੰਘ ਨੇ ਭੇਂਟ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਹਲਕਾ ਇੰਚਾਰਜ ਕੇ.ਐੱਨ.ਐੱਸ. ਕੰਗ, ਵਿਧਾਇਕ ਹਾਕਮ ਸਿੰਘ, ਹਰਪ੍ਰੀਤ ਸਿੰਘ, ਚੇਅਰਮੈਨ ਤੇਜਪਾਲ ਸਿੰਘ ਗਿੱਲ, ਬਲਦੇਵ ਸਿੰਘ ਯੂ.ਐੱਸ.ਏ, ਬਿੰਦਰ ਸਿੰਘ, ਅਰਮਾਨਪ੍ਰੀਤ ਸਿੰਘ, ਇਕਬਾਲ ਸਿੰਘ ਘੋਲਾ, ਜਸਵਿੰਦਰ ਰਾਣਾ, ਜਸਵਿੰਦਰ ਸੋਖੀ, ਮਾ: ਟਹਿਲ ਸਿੰਘ, ਸੈਕਟਰੀ ਅਮਰ ਸਿੰਘ, ਮਨਜਿੰਦਰ ਸਿੰਘ, ਅਵਤਾਰ ਸਿੰਘ ਵਾਈਸ ਚੇਅਰਮੈਨ, ਸੈਕਟਰੀ ਇੰਦਰਜੀਤ ਸਿੰਘ, ਜਗਰੂਪ ਸਿੰਘ, ਪੰਚ ਪ੍ਰਕਾਸ਼ ਸਿੰਘ, ਪੰਚ ਅਜੀਤ ਸਿੰਘ, ਪੰਚ ਜਸਬੀਰ ਕੌਰ, ਅਮਰੀਕ ਸਿੰਘ, ਕੈਪਟਨ ਜਗਪਾਲ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।