ਬ੍ਰਿਟਿਸ਼ ਕੋਲੰਬੀਆ ਦੀਆਂ ਨਗਰ ਪਾਲਿਕਾ ਚੋਣਾਂ ’ਚ 2 ਪੰਜਾਬੀ ਮੇਅਰ, 17 ਕੌਂਸਲਰ ਬਣੇ
ਐਬਟਸਫੋਰਡ, 18 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਨਗਰਪਾਲਿਕਾ ਚੋਣਾਂ ਵਿਚ 2 ਪੰਜਾਬੀ ਮੇਅਰ ਅਤੇ 17 ਕੌਂਸਲਰ ਚੁਣੇ ਗਏ ਹਨ। ਬ੍ਰਿਟਿਸ਼ ਕੋਲੰਬੀਆ ਦੀਆਂ ਕੁੱਲ 161 ਨਗਰਪਾਲਿਕਾਵਾਂ ਦੀਆਂ ਹੋਈਆਂ ਚੋਣਾਂ ਵਿਚ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਵੋਟਾਂ ਪਈਆਂ।
ਵ
ਵਿਲੀਅਮਜ਼ ਨੇਕ ਦੇ ਮੇਅਰ ਸੁਰਿੰਦਰਪਾਲ ਸਿੰਘ ਰਾਠੌਰ ਤੇ ਸੈਨਿਚ ਦੇ ਮੇਅਰ ਰਿਸ਼ੀ ਸ਼ਰਮਾ।
19-10-2026
ਐਬਟਸਫੋਰਡ, 18 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਨਗਰਪਾਲਿਕਾ ਚੋਣਾਂ ਵਿਚ 2 ਪੰਜਾਬੀ ਮੇਅਰ ਅਤੇ 17 ਕੌਂਸਲਰ ਚੁਣੇ ਗਏ ਹਨ। ਬ੍ਰਿਟਿਸ਼ ਕੋਲੰਬੀਆ ਦੀਆਂ ਕੁੱਲ 161 ਨਗਰਪਾਲਿਕਾਵਾਂ ਦੀਆਂ ਹੋਈਆਂ ਚੋਣਾਂ ਵਿਚ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਵੋਟਾਂ ਪਈਆਂ। ਦੇਰ ਰਾਤ ਐਲਾਨੇ ਗਏ ਨਤੀਜਿਆਂ ’ਚ ਫਗਵਾੜਾ ਨੇੜਲੇ ਪਿੰਡ ਖੁਰਮਪੁਰ ਦੇ ਸੁਰਿੰਦਰਪਾਲ ਸਿੰਘ ਰਠੌਰ ਵਿਲੀਅਮਜ਼ ਲੇਕ ਅਤੇ ਰਿਸ਼ੀ ਸ਼ਰਮਾ ਸੈਨਿਚ ਦੇ ਮੇਅਰ ਚੁਣੇ ਗਏ ਹਨ। ਇਨ੍ਹਾਂ ਚੋਣਾਂ ਵਿਚ 113 ਪੰਜਾਬੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ, ਜਿਨ੍ਹਾਂ ਵਿਚ 13 ਮੇਅਰ, 66 ਕੌਂਸਲਰ, 32 ਸਕੂਲ ਟਰੱਸਟੀ, 2 ਪਾਰਕ ਬੋਰਡ ਕਮਿਸ਼ਨਰ ਤੇ ਇਕ ਰਿਜਨਲ ਡਾਇਰੈਕਟਰ ਵਾਸਤੇ ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ ਸਨ। ਇਨ੍ਹਾਂ ਚੋਣਾਂ ਵਿਚ 6 ਪੰਜਾਬਣਾਂ ਵੀ ਕੌਂਸਲਰ ਬਣਨ ਵਿਚ ਕਾਮਯਾਬ ਰਹੀਆਂ ਹਨ। ਜਲੰਧਰ ਨੇੜਲੇ ਪਿੰਡ ਪਤਾਰਾ ਨਾਲ ਸੰਬੰਧਿਤ ਮੋਹਨੀ ਸਿੰਘ ਕਲੋਨਾ ਤੋਂ ਪੰਜਵੀਂ ਵਾਰ ਕੌਂਸਲਰ ਚੁਣੀ ਗਈ ਹੈ। ਜ਼ਿਲ੍ਹਾ ਮੋਗਾ ਦੇ ਪਿੰਡ ਰੋਡੇ ਨਾਲ ਸੰਬੰਧਿਤ ਤੇ ਬ੍ਰਿਟਿਸ਼ ਕੋਲੰਬੀਆ ਦੇ ਅੰਗਰੇਜ਼ੀ ਤੇ ਪੰਜਾਬੀ ’ਚ ਛਪਣ ਵਾਲੇ ਇੱਕੋ-ਇੱਕ ਦੋਭਾਸ਼ੀ ਅਖ਼ਬਾਰ ‘ਪੰਜਾਬੀ ਪੱਤ੍ਰਿਕਾ’ ਦੇ ਜਨਰਲ ਮੈਨੇਜਰ ਖੁਸ਼ਦੇਵ ਸਿੰਘ ਦੇਵ ਸਿੱਧੂ ਐਬਟਸਫੋਰਡ ਤੋਂ ਤੀਸਰੀ ਵਾਰ ਤੇ ਪਿੰਡ ਢੁਡੀਕੇ ਦੇ ਉੱਘੇ ਵਕੀਲ ਅਮਰੀਕ ਨਾਰੰਗ ਪਹਿਲੀ ਵਾਰ ਐਬਟਸਫੋਰਡ ਤੋਂ ਕੌਂਸਲਰ ਚੁਣੇ ਗਏ ਹਨ। ਜਲੰਧਰ ਸ਼ਹਿਰ ਨਾਲ ਸੰਬੰਧਿਤ ਕੁਲਵਿੰਦਰ ਸਿੰਘ ‘ਕਿਨ’ ਹਰਾਰ ਤੇ ਸ਼ਰਨ ਕੌਰ ਸੰਧੂ ਮਿਸ਼ਨ ਅਤੇ ਹੈਰੀ ਬੈਂਸ, ਮਨਦੀਪ ਸਿੰਘ ਨਾਗਰਾ, ਪਟਿਆਲਾ ਦੀ ਮੀਰਾ ਗਿੱਲ ਤੇ ਸੁਹਾਨਾ ਗਿੱਲ ਸਰੀ ਤੋਂ ਕੌਂਸਲਰ ਚੁਣੇ ਗਏ ਹਨ ਜਦ ਕਿ ਦਲਜੀਤ ਸਿੰਘ ਹੁੰਦਲ ਤੇ ਸਤਨਾਮ ਸਿੰਘ ਸੈਮ ਅਟਵਾਲ ਪੋਰਟ ਅਲਬਰਨੀ, ਕ੍ਰਿਸਟੀਨ ਸੰਧੂ ਲੇਕ ਕਾਊਚਨ, ਸਿਮੀ ਰਾਜਪੂਤ ਲੈਂਗਲੀ ਸਿਟੀ, ਮਹਿੰਦਰਪਾਲ ਸਿੰਘ ਪਾਲ ਮਿਨਹਾਸ ਨਿਊ ਵੈਸਟ ਮਿਨਸਟਰ, ਕਿਰਨ ਸਿੰਘ ਬਰਨਬੀ, ਜੱਟ ਪੁਰੀ ਡੈਲਟਾ ਤੋਂ ਕੌਂਸਲਰ ਬਣੇ ਹਨ, ਬੈਂਗਲੁਰੂ ਦੇ ਇੰਜੀਨੀਅਰ ਹਰਸ਼ਾਨ ਰਾਮਦਾਸ ਫਰਨੀ ਸ਼ਹਿਰ ਦੇ ਮੇਅਰ ਤੇ ਗੁਜਰਾਤ ਦੇ ਬਿਬ ਪਟੇਲ ਲੇਕ ਕੰਟਰੀ ਤੋਂ ਕੌਂਸਲਰ ਚੁਣੇ ਗਏ ਹਨ। ਜ਼ਿਲ੍ਹਾ ਮੋਗਾ ਦੇ ਪਿੰਡ ਚੂਹੜਚੱਕ ਦੇ ਅਰਸ਼ ਕਲੇਰ ਐਬਟਸਫੋਰਡ ਤੇ ਅਬੋਹਰ ਦੇ ਗੁਰਪ੍ਰੀਤ ਸਿੰਘ ਗੈਰੀ ਥਿੰਦ ਸਰੀ ਤੇ ਡਾ. ਅਮੀਨ ਢਿੱਲੋਂ ਡੈਲਟਾ ਤੋਂ ਸਕੂਲ ਟਰੱਸਟੀ ਚੁਣੇ ਗਏ ਹਨ।