02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮੰਡੀ ’ਚ ਮਿੱਟੀ ਦੇ ਭਾਅ ਵਿਕਣ ਵਾਲੀਆਂ ਸਬਜ਼ੀਆਂ ਨੂੰ ਖਪਤਕਾਰਾਂ ਦੀ ਰਸੋਈ ਤੱਕ ਪੁੱਜਦੀਆਂ ਦੇ ਰੇਟਾਂ ਨੂੰ ਲੱਗ ਰਹੇ ਖੰਭ

ਬਠਿੰਡਾ, 1 ਅਕਤੂਬਰ (ਵੀਰਪਾਲ ਸਿੰਘ)- ਸਬਜ਼ੀਆਂ ਦੀ ਖੇਤੀ ਕਰਨ ਵਾਲਾ ਕਿਸਾਨ ਆਪਣੀ ਪੈਦਾਵਾਰ ਮੰਡੀ ਵਿਚ ਲਿਆ ਕੇ ਕਾਫ਼ੀ ਘੱਟ ਭਾਅ ’ਤੇ ਵੇਚਣ ਲਈ ਮਜਬੂਰ ਹੋ ਰਿਹਾ ਹੈ, ਜਦਕਿ ਉਹੀ ਸਬਜ਼ੀ ਛਾਂਟਾਈ, ਢੁਆਈ, ਆੜ੍ਹਤੀ, ਥੋਕ ਵਪਾਰ ਅਤੇ ਰਿਟੇਲ ਵਿਕਰੀ ਦੇ ਕਈ ਪੜਾਅ ਪਾਰ ਕਰਕੇ ਖਪਤਕਾਰ ਦੀ ਰਸੋਈ ਤੱਕ ਪਹੁੰਚਦਿਆਂ ਕਈ ਸਬਜ਼ੀਆਂ 100 ਫ਼ੀਸਦੀ ਮਹਿੰਗੀਆਂ ਹੋ ਜਾਂਦੀਆਂ ਹਨ । ਇਸ ਕੀਮਤ-ਫਰਕ ਕਾਰਨ ਸਬਜ਼ੀ ਉਤਪਾਦਕ ਕਿਸਾਨ ਤੇ ਆਮ ਖਪਤਕਾਰ ਦੋਵੇਂ ਪ੍ਰਭਾਵਿਤ ਹੋ ਰਹੇ ਹਨ ।

ਅਜੀਤ ਡੈਸਕ 02-10-2026
ਬਠਿੰਡਾ, 1 ਅਕਤੂਬਰ (ਵੀਰਪਾਲ ਸਿੰਘ)- ਸਬਜ਼ੀਆਂ ਦੀ ਖੇਤੀ ਕਰਨ ਵਾਲਾ ਕਿਸਾਨ ਆਪਣੀ ਪੈਦਾਵਾਰ ਮੰਡੀ ਵਿਚ ਲਿਆ ਕੇ ਕਾਫ਼ੀ ਘੱਟ ਭਾਅ ’ਤੇ ਵੇਚਣ ਲਈ ਮਜਬੂਰ ਹੋ ਰਿਹਾ ਹੈ, ਜਦਕਿ ਉਹੀ ਸਬਜ਼ੀ ਛਾਂਟਾਈ, ਢੁਆਈ, ਆੜ੍ਹਤੀ, ਥੋਕ ਵਪਾਰ ਅਤੇ ਰਿਟੇਲ ਵਿਕਰੀ ਦੇ ਕਈ ਪੜਾਅ ਪਾਰ ਕਰਕੇ ਖਪਤਕਾਰ ਦੀ ਰਸੋਈ ਤੱਕ ਪਹੁੰਚਦਿਆਂ ਕਈ ਸਬਜ਼ੀਆਂ 100 ਫ਼ੀਸਦੀ ਮਹਿੰਗੀਆਂ ਹੋ ਜਾਂਦੀਆਂ ਹਨ । ਇਸ ਕੀਮਤ-ਫਰਕ ਕਾਰਨ ਸਬਜ਼ੀ ਉਤਪਾਦਕ ਕਿਸਾਨ ਤੇ ਆਮ ਖਪਤਕਾਰ ਦੋਵੇਂ ਪ੍ਰਭਾਵਿਤ ਹੋ ਰਹੇ ਹਨ । 1 ਅਕਤੂਬਰ 2026 ਦੇ ਪੰਜਾਬ ਵਿਚ ਸਬਜ਼ੀਆਂ ਥੋਕ ਭਾਅ ਅੰਕੜਿਆਂ ਮੁਤਾਬਿਕ ਪਿਆਜ਼ ਦਾ ਮੰਡੀ ਭਾਅ ਕਰੀਬ 50 ਤੋਂ 53 ਰੁਪਏ ਪ੍ਰਤੀ ਕਿੱਲੋ, ਟਮਾਟਰ 25 ਤੋਂ 28 ਰੁਪਏ, ਆਲੂ 22 ਤੋਂ 26 ਰੁਪਏ ਪ੍ਰਤੀ ਕਿੱਲੋ, ਗਾਜਰ 40 ਤੋਂ 44 ਰੁਪਏ ਪ੍ਰਤੀ ਕਿੱਲੋ, ਫੁੱਲ-ਗੋਭੀ 30 ਤੋਂ 34 ਰੁਪਏ ਪ੍ਰਤੀ ਕਿੱਲੋ, ਬੰਦ-ਗੋਭੀ 25 ਤੋਂ 29 ਰੁਪਏ, ਭਿੰਡੀ 29, ਬੈਂਗਣ 33, ਹਰੀ ਮਿਰਚ 50, ਅਦਰਕ 133 ਅਤੇ ਲਸਣ 145 ਰੁਪਏ ਪ੍ਰਤੀ ਕਿੱਲੋ ਦਰਜ ਕੀਤਾ ਗਿਆ। ਇਸ ਦੇ ਮੁਕਾਬਲੇ ਰਿਟੇਲ ਬਾਜ਼ਾਰ ਵਿਚ ਪਿਆਜ਼ 58 ਤੋਂ 70, ਟਮਾਟਰ 31-36 ਰੁਪਏ, ਆਲੂ 30 ਤੋਂ 35 ਰੁਪਏ, ਗਾਜਰ 60 ਰੁਪਏ, ਫੁੱਲ-ਗੋਭੀ 37 ਤੋਂ 44 ਰੁਪਏ, ਬੰਦ-ਗੋਭੀ 32 ਤੋਂ 40 ਰੁਪਏ, ਭਿੰਡੀ 38 ਤੋਂ 50 ਰੁਪਏ, ਬੈਂਗਣ 36 ਤੋਂ 48, ਹਰੀ ਮਿਰਚ 57 ਤੋਂ 70 ਰੁਪਏ, ਅਦਰਕ 145 ਤੋਂ 175 ਅਤੇ ਲਸਣ 150 ਤੋਂ 190 ਪ੍ਰਤੀ ਕਿੱਲੋ ਤੱਕ ਦੱਸਿਆ ਗਿਆ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਇਕੋ ਦਿਨ ਵਿਚ ਮੰਡੀ ਅਤੇ ਰਿਟੇਲ ਕੀਮਤਾਂ ਵਿਚਕਾਰ ਵੱਡਾ ਫ਼ਰਕ ਵਿਖਾਈ ਦੇ ਰਿਹਾ ਹੈ । ਏ.ਪੀ.ਐਮ.ਸੀ. ਦੇ 30 ਸਤੰਬਰ ਦੇ ਅੰਕੜਿਆਂ ਵਿਚ ਵੀ ਆਲੂ ਦਾ ਔਸਤ ਮੰਡੀ ਭਾਅ 300 ਰੁਪਏ ਪ੍ਰਤੀ ਕੁਇੰਟਲ, ਪਿਆਜ਼ 2,500 ਰੁਪਏ ਅਤੇ ਟਮਾਟਰ 1,800 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ। ਦੇਸ਼ ਪੱਧਰ ’ਤੇ ਕੇਂਦਰੀ ਖਪਤਕਾਰ ਮਾਮਲੇ ਮੰਤਰਾਲੇ ਦੇ 30 ਸਤੰਬਰ ਦੇ ਅੰਕੜਿਆਂ ਅਨੁਸਾਰ ਔਸਤ ਥੋਕ ਭਾਅ ਆਲੂ 1,678. ਪ੍ਰਤੀ ਕੁਇੰਟਲ, ਪਿਆਜ਼ ਦਾ ਭਾਅ 4,616. ਅਤੇ ਟਮਾਟਰ 3,178. ਪ੍ਰਤੀ ਕੁਇੰਟਲ ਵਿਕ ਰਹੇ ਹਨ । ਇਸ ਕੀਮਤ-ਲੜੀ ਵਿਚ ਸਬਜ਼ੀ ਉਤਪਾਦਕ ਕਿਸਾਨ ਨੂੰ ਮਿਲਣ ਵਾਲੇ ਭਾਅ ਤੇ ਖਪਤਕਾਰ ਵਲੋਂ ਦਿੱਤੀ ਜਾਣ ਵਾਲੀ ਅੰਤਿਮ ਕੀਮਤ ਵਿਚਕਾਰ ਵਪਾਰੀ ਦਾ ਮੁਨਾਫ਼ਾ ਨਾਲ ਛਾਂਟਾਈ, ਪੈਕਿੰਗ, ਲੋਡਿੰਗ-ਅਨਲੋਡਿੰਗ, ਆਵਾਜਾਈ, ਖ਼ਰਾਬੇ, ਸਟੋਰੇਜ ਅਤੇ ਮੰਡੀ ਨਾਲ ਜੁੜੇ ਖਰਚੇ ਵੀ ਸ਼ਾਮਿਲ ਹਨ, ਪਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਪਲਾਈ ਚੇਨ ਦੇ ਕਈ ਪੜ੍ਹਾਵਾਂ ਕਾਰਨ ਉਤਪਾਦਕ ਦਾ ਹਿੱਸਾ ਘਟਦਾ ਹੈ ਤੇ ਸਬਜ਼ੀ ਖਪਤਕਾਰ ਦੀ ਜੇਬ ਮਹਿੰਗੇ ਭਾਅ ਸਬਜ਼ੀਆਂ ਖ਼ਰੀਦਣ ਦਾ ਬੋਝ ਵਧ ਰਿਹਾ ਹੈ । ਭਾਰਤ ਵਿਚ ਸਬਜ਼ੀਆਂ ਦਾ ਬਾਜ਼ਾਰ ਬਹੁਤ ਵੱਡਾ ਹੈ। ਕੇਂਦਰੀ ਖੇਤੀਬਾੜੀ ਵਿਭਾਗ ਦੇ 2025-26 ਦੇ ਦੂਜੇ ਅਗਾਊਂ ਅਨੁਮਾਨ ਮੁਤਾਬਿਕ ਦੇਸ਼ ਵਿਚ 118.79 ਲੱਖ ਹੈਕਟੇਅਰ ਰਕਬੇ ਵਿਚ ਸਬਜ਼ੀਆਂ ਦੀ ਕਾਸ਼ਤ ਤੇ ਕਰੀਬ 2210 ਲੱਖ ਟਨ ਉਤਪਾਦਨ ਦਾ ਅਨੁਮਾਨ ਹੈ, ਜਿਸ ਨਾਲ ਕਰੋੜਾਂ ਸਬਜ਼ੀ ਉਤਪਾਦਕ ਕਿਸਾਨ ਜੁੜੇ ਹੋਏ ਹਨ । ਪਿਛਲੇ ਸਾਲ ਦੇ ਮੁਕਾਬਲੇ ਸਬਜ਼ੀ ਉਤਪਾਦਨ ਵਿਚ ਲਗਭਗ 1.47 ਫ਼ੀਸਦੀ ਵਾਧਾ ਹੋਇਆ ਹੈ । ਬਾਜ਼ਾਰ ਦੇ ਅੰਕੜਿਆਂ ਅਨੁਸਾਰ ਭਾਰਤ ਦਾ ਸਬਜ਼ੀ ਬਾਜ਼ਾਰ 2023 ਵਿਚ ਲਗਭਗ 97.6 ਅਰਬ ਡਾਲਰ ਦਾ ਸੀ ਅਤੇ 2029 ਤੱਕ 161.7 ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਕਿਸਾਨ ਜਥੇਬੰਦੀਆਂ ਹੁਣ ਮੌਜੂਦਾ ਸਬਜ਼ੀ ਮੰਡੀ ਢਾਂਚੇ ਵਿਚ ਸੁਧਾਰ ਦੇ ਨਾਲ ਸਬਜ਼ੀ ਦੀ ਸਿੱਧੀ ਖ਼ਰੀਦ ਨੂੰ ਉਤਸ਼ਾਹਿਤ ਕਰਨ ਦੀ ਮੰਗ ਕਰ ਰਹੀਆਂ ਹਨ।
ਪਿਛਲੀ ਖ਼ਬਰ ਬਿਜਲਈ ਵਾਹਨਾਂ ਦੀ ਖਾਮੋਸ਼ੀ ਖਤਮ, ਆਵਾਜ਼ ਅਲਰਟ ਹੋਵੇਗਾ ਜ਼ਰੂਰੀ ਅਗਲੀ ਖ਼ਬਰ ਮਾਲਵਾ ਗਰੁੱਪ ਆਫ਼ ਕਾਲਜਿਜ਼ ਸਰਦੂਲੇਵਾਲਾ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।