![]()
ਸੰਗਰੂਰ, 12 ਸਤੰਬਰ (ਅਮਨਦੀਪ ਸਿੰਘ ਬਿੱਟਾ)-ਸਪੈਸ਼ਲ ਕਾਡਰ ਅਧਿਆਪਕ ਫ਼ਰੰਟ ਪੰਜਾਬ ਵੱਲੋਂ ਅੱਜ ਮੁੱਖ ਮੰਤਰੀ ਨਿਵਾਸ ਬਾਹਰ ਪੁਲਿਸ ਨਾਲ ਤਿੱਖੀਆਂ ਝੜਪਾਂ ਅਤੇ ਖਿੱਚਧੂਹ ਵਾਲਾ ਮਾਹੌਲ ਦੇਖਣ ਨੂੰ ਮਿਲਿਆ। ਇਨ੍ਹਾਂ ਝੜਪਾਂ ਦੌਰਾਨ ਜਿੱਥੇ ਕਈ ਅਧਿਆਪਕ ਸੜਕ ਉੱਤੇ ਡਿਗ ਪਏ ਉੱਥੇ ਐਸ.ਐੱਚ.ਓ. ਸਦਰ ਜਸਵਿੰਦਰ ਕੌਰ ਵੀ ਪੁਲਿਸ ਅਤੇ ਮੁਜ਼ਾਹਰਾਕਾਰੀਆਂ ਦੇ ਭੇੜ ਦੌਰਾਨ ਬੇਹੋਸ਼ੀ ਵਾਲੇ ਆਲਮ ਵਿਚ ਹੇਠਾਂ ਡਿਗਦੇ ਡਿਗਦੇ ਮੁਸ਼ਕਿਲ ਨਾਲ ਬਚੇ। ਪੁਲਿਸ ਅਧਿਕਾਰੀ ਨੂੰ ਉਨ੍ਹਾਂ ਦੇ ਸਾਥੀ ਪ੍ਰਦਰਸ਼ਨ ਵਾਲੀ ਥਾਂ ਤੋਂ ਬਾਹਰ ਲੈ ਗਏ। ਇਸ ਖਿੱਚੋਤਾਣ ਵਾਲੇ ਮਾਹੌਲ ਵਿਚ ਪੁਲਿਸ ਨੇ ਸਪੈਸ਼ਲ ਅਧਿਆਪਕ ਵੀਰਪਾਲ ਕੌਰ ਸਧਾਣਾ, ਮਨਪ੍ਰੀਤ ਸਿੰਘ ਮੋਗਾ, ਦਵਿੰਦਰ ਸਿੰਘ ਸੰਧੂ, ਅਸ਼ੋਕ ਕੁਮਾਰ, ਗੁਰਿੰਦਰ ਪਾਲ ਫ਼ਾਜ਼ਿਲਕਾ, ਗੁਰਿੰਦਰ ਸਿੰਘ ਸੋਹੀ ਸਮੇਤ 11 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਭੇੜ ਦੌਰਾਨ ਕਈ ਅਧਿਆਪਕ ਨਜ਼ਦੀਕੀ ਪਿੰਡ ਖੁਰਾਣਾ ਦੀ ਟੈਂਕੀ ਵੱਲ ਵੀ ਜਾਣ ਲਈ ਦੌੜੇ ਪਰ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਲਿਆ। ਜ਼ਿਕਰਯੋਗ ਹੈ ਕਿ ਇਸੇ ਯੂਨੀਅਨ ਦੇ ਮੈਂਬਰ 11 ਜੂਨ 2020 ਨੂੰ ਟੈਂਕੀ ਉੱਤੇ ਚੜ ਗਏ ਸਨ, ਜੋ ਤਕਰੀਬਨ ਸੱਤ ਮਹੀਨੇ ਦੇ ਅਰਸੇ ਉਪਰੰਤ ਹੇਠਾਂ ਉੱਤਰੇ ਸਨ। ਤੜਕਸਾਰ ਤੋਂ ਹੀ ਸਪੈਸ਼ਲ ਕਾਡਰ ਅਧਿਆਪਕ ਸੰਗਰੂਰ ਚੰਡੀਗੜ੍ਹ ਫਲਾਈ ਓਵਰ ਹੇਠਾਂ ਰਾਤ ਭਰ ਤੋਂ ਇਕੱਠੇ ਹੋਣੇ ਸ਼ੁਰੂ ਹੋਏ ਜਿੱਥੇ ਉਹ ਅਨੁਭਵ ਗੁਪਤਾ, ਗੁਰਲਾਲ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਨਿਵਾਸ ਵੱਲ ਵਧੇ ਜਿੱਥੇ ਭਾਰੀ ਤਾਦਾਦ ਵਿਚ ਪੁਲਿਸ ਫੋਰਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਜਦ ਰੋਕਣਾ ਚਾਹਿਆ ਤਾਂ ਇਸ ਖਿੱਚਧੂਹ ਵਾਲੇ ਮਾਹੌਲ ਦੌਰਾਨ ਕਈ ਪ੍ਰਦਰਸ਼ਨਕਾਰੀ ਸੜਕ ਉੱਤੇ ਵੀ ਡਿਗ ਪਏ। ਪੇ ਸਕੇਲ ਅਤੇ ਸੀ.ਐਸ.ਆਰ. ਰੂਲਜ ਲਾਗੂ ਕਰਵਾਉਣ ਦੀ ਮੰਗ ਕਰਦਿਆਂ ਅਧਿਆਪਕ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੇ 28 ਜੁਲਾਈ 2023 ਨੂੰ ਵਿਭਾਗ ਵਿਚ ਲਿਆਉਂਦਿਆਂ 12710 ਕੱਚੇ ਅਧਿਆਪਕਾਂ ਨੂੰ ਰੈਗੂਲਰ ਸੇਵਾਵਾਂ ਦੇ ਨਿਯੁਕਤੀ ਪੱਤਰ ਦਿੱਤੇ ਸਨ। ਕਰੀਬ ਤਿੰਨ ਸਾਲ ਉਪਰੰਤ ਵੀ ਕੋਈ ਲਾਭ ਨਾ ਮਿਲਣ ਕਾਰਨ ਅਧਿਆਪਕਾਂ ਵਿਚ ਭਾਰੀ ਰੋਸ ਹੈ। ਉਪਰੰਤ ਪ੍ਰਸ਼ਾਸਨ ਨੇ 16 ਸਤੰਬਰ ਦੀ ਵਿਭਾਗ ਦੇ ਜੁਆਇੰਟ ਸਕੱਤਰ ਦੀ ਮੀਟਿੰਗ ਦਿਵਾਉਂਦਿਆਂ ਧਰਨਾ ਸਮਾਪਤ ਕਰਵਾਇਆ। ਇਸ ਮੌਕੇ ਬੇਰੁਜ਼ਗਾਰ ਸਾਂਝਾ ਮੋਰਚੇ ਦੇ ਰਮਨ ਕੁਮਾਰ ਮਲੋਟ ਵੀ ਹਾਜ਼ਰ ਸਨ। ਹਾਜ਼ਰ ਹੋਰ ਆਗੂਆਂ ਵਿੱਚ ਵੀਰਪਾਲ ਕੌਰ ਸਧਾਣਾ, ਦਵਿੰਦਰ ਸਿੰਘ ਸੰਧੂ ਅਤੇ ਮਨਪ੍ਰੀਤ ਸਿੰਘ ਸਿੰਘ ਮੋਗਾ ਵੀ ਮੌਜੂਦ ਸਨ।