08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਰਾਜਾਸਾਂਸੀ ਹਵਾਈ ਅੱਡੇ ਦੇ ਸੰਚਾਲਨ ਖੇਤਰ ’ ਚ ਡਰੋਨਾਂ ਦੀ ਗਤੀਵਿਧੀ ਨਾਲ ਮਚਿਆ ਹੜਕੰਪ , ਹਵਾਈ ਆਵਾਜਾਈ ਰਹੀ ਠੱਪ ਗੁਰਪ੍ਰੀਤ ਸਿੰਘ ਢਿੱਲੋਂ

ਅਜਨਾਲਾ/ਰਾਜਾਸਾਂਸੀ, 7 ਸਤੰਬਰ -ਬੀਤੀ ਰਾਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਦੇ ਅਪ੍ਰੇਸ਼ਨਲ ਖੇਤਰ ’ਚ ਡਰੋਨ ਗਤੀਵਿਧੀ ਸਾਹਮਣੇ ਆਉਣ ਕਾਰਨ ਸੁਰੱਖਿਆ ਏਜੰਸੀਆਂ ’ਚ ਇਕਦਮ ਹੜਕੰਪ ਮੱਚ ਗਿਆ। ਹਵਾਈ ਅੱਡੇ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਕਰੀਬ ਸਵਾ ਘੰਟੇ ਲਈ ਹਵਾਈ ਆਵਾਜਾਈ ਰੋਕ ਦਿੱਤੀ ਗਈ ਤੇ ਇਸ ਦੌਰਾਨ ਇੱਥੋਂ ਦੇਸ਼ ਤੇ ਵਿਦੇਸ਼ ਤੋਂ ਆਉਣ ਵਾਲੀਆਂ 7 ਉਡਾਣਾਂ ਨੂੰ ਸਾਵਧਾਨੀ ਵਜੋਂ ਦਿੱਲੀ ਤੇ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ।

ਹਵਾਈ ਅੱਡਾ ਡਾਇਰੈਕਟਰ ਸ੍ਰੀ ਅਨਿਰੁਧ ਕੁਮਾਰ ਸ਼ਰਮਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਤਸਵੀਰ : ਰਾਹੀਂ ਢਿੱਲੋਂ 08-09-2026
ਅਜਨਾਲਾ/ਰਾਜਾਸਾਂਸੀ, 7 ਸਤੰਬਰ -ਬੀਤੀ ਰਾਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਦੇ ਅਪ੍ਰੇਸ਼ਨਲ ਖੇਤਰ ’ਚ ਡਰੋਨ ਗਤੀਵਿਧੀ ਸਾਹਮਣੇ ਆਉਣ ਕਾਰਨ ਸੁਰੱਖਿਆ ਏਜੰਸੀਆਂ ’ਚ ਇਕਦਮ ਹੜਕੰਪ ਮੱਚ ਗਿਆ। ਹਵਾਈ ਅੱਡੇ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਕਰੀਬ ਸਵਾ ਘੰਟੇ ਲਈ ਹਵਾਈ ਆਵਾਜਾਈ ਰੋਕ ਦਿੱਤੀ ਗਈ ਤੇ ਇਸ ਦੌਰਾਨ ਇੱਥੋਂ ਦੇਸ਼ ਤੇ ਵਿਦੇਸ਼ ਤੋਂ ਆਉਣ ਵਾਲੀਆਂ 7 ਉਡਾਣਾਂ ਨੂੰ ਸਾਵਧਾਨੀ ਵਜੋਂ ਦਿੱਲੀ ਤੇ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ। ਬੀਤੀ ਰਾਤ ਦੀ ਘਟਨਾ ਤੋਂ ਬਾਅਦ ਅੱਜ ਏਅਰਪੋਰਟ ਅਥਾਰਿਟੀ, ਸੁਰੱਖਿਆ ਏਜੰਸੀਆਂ ਤੇ ਪੁਲਿਸ ਵਲੋਂ ਸਾਂਝੀ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਉਧਰ ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਾਰੇ ਹਵਾਈ ਅੱਡੇ ਦੇ ਡਾਇਰੈਕਟਰ ਅਨਿਰੁੱਧ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਾਤ ਕਰੀਬ 9:50 ਵਜੇ ਹਵਾਈ ਫੌਜ ਵਲੋਂ ਏ.ਟੀ.ਸੀ ਨੂੰ ਡਰੋਨ ਗਤੀਵਿਧੀ ਬਾਰੇ ਜਾਣੂੰ ਕਰਵਾਉਣ ਤੋਂ ਬਾਅਦ ਜੁਆਇੰਟ ਐਕਸ਼ਨ ਕਮੇਟੀ ਵਲੋਂ ਲਏ ਫ਼ੈਸਲੇ ਅਨੁਸਾਰ ਸੁਰੱਖਿਆ ਦੇ ਮੱਦੇਨਜ਼ਰ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ ਤੋਂ ਇੱਥੇ ਆ ਰਹੀਆਂ 7 ਉਡਾਣਾਂ ’ਚੋਂ 5 ਨੂੰ ਦਿੱਲੀ ਤੇ 2 ਨੂੰ ਚੰਡੀਗੜ੍ਹ ਵੱਲ ਮੋੜਿਆ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਕਰੀਬ 11:15 ਵਜੇ ਸਥਿਤੀ ਆਮ ਹੋਣ ਉਪਰੰਤ ਹਵਾਈ ਅੱਡੇ ਨੂੰ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਤੇ ਹਵਾਈ ਆਵਾਜਾਈ ਆਮ ਵਾਂਗ ਹੋਈ।ਡਾਇਰੈਕਟਰ ਅਨਿਰੁੱਧ ਕੁਮਾਰ ਸ਼ਰਮਾ ਨੇ ਅੱਗੇ ਦੱਸਿਆ ਕਿ ਮੋੜੀਆਂ ਗਈਆਂ 7 ਉਡਾਣਾਂ ’ਚੋਂ 5 ਨੂੰ ਬਾਅਦ ’ਚ ਰਾਜਾਸਾਂਸੀ ਹਵਾਈ ਅੱਡੇ ’ਤੇ ਉਤਾਰਿਆ ਗਿਆ ਤੇ ਅੱਧੀ ਰਾਤ ਤੋਂ ਬਾਅਦ ਉਨ੍ਹਾਂ ਨੂੰ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ। ਇਸ ਦੌਰਾਨ ਏਅਰ ਇੰਡੀਆ ਦੀ ਇਕ ਉਡਾਣ ਰੱਦ ਹੋਈ ਜਦਕਿ ਮਲੇਸ਼ੀਆ ਏਅਰਲਾਈਨ ਦੀ ਉਡਾਣ ਰਾਜਾਸਾਂਸੀ ਹਵਾਈ ਅੱਡੇ ’ਤੇ ਨਹੀਂ ਪਹੁੰਚ ਸਕੀ ਤੇ ਹਾਲੇ ਤੱਕ ਦਿੱਲੀ ਹਵਾਈ ਅੱਡੇ ’ਤੇ ਹੀ ਰੁਕੀ ਹੋਈ ਹੈ। ਥਾਣਾ ਰਾਜਾਸਾਂਸੀ ਵਿਖੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ, ਇਲਾਕੇ ’ਚ ਚੌਕਸੀ ਵਧਾਈ ਥਾਣਾ ਰਾਜਾਸਾਂਸੀ ਵਿਖੇ ਮੌਜੂਦ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਪੀ. ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਰਾਜਾਸਾਂਸੀ ਹਵਾਈ ਅੱਡੇ ’ਤੇ ਹੋਈ ਡਰੋਨ ਗਤੀਵਿਧੀ ਮਾਮਲੇ ਨੂੰ ਲੈ ਕੇ ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਵਾਈ ਅੱਡੇ ਦੀ ਸੁਰੱਖਿਆ ਦੇ ਮੱਦੇਨਜ਼ਰ ਆਸ-ਪਾਸ ਦੇ ਇਲਾਕਿਆਂ ’ਚ ਚੌਕਸੀ ਵਧਾਈ ਜਾ ਰਹੀ ਹੈ ਤੇ ਹਵਾਈ ਅੱਡੇ ਨਾਲ ਲੱਗਦੇ ਪਿੰਡਾਂ ਅਤੇ ਇਲਾਕਿਆਂ ਦੇ ਲੋਕਾਂ ਨੂੰ ਡਰੋਨ ਜਾਂ ਕਿਸੇ ਵੀ ਡਰੋਨ ਨੁਮਾ ਵਸਤੂ ਨੂੰ ਨਾ ਉਡਾਉਣ ਸੰਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਹਵਾਈ ਅੱਡੇ ਦੇ ਨੇੜਲੇ ਖੇਤਰ ਵਿਚ ਕਿਸੇ ਵਿਅਕਤੀ ਵਲੋਂ ਡਰੋਨ ਉਡਾਉਣਾ ਹੋਵੇ ਤਾਂ ਇਸ ਸੰਬੰਧੀ ਪਹਿਲਾਂ ਹਵਾਈ ਅੱਡਾ ਅਥਾਰਿਟੀ ਨੂੰ ਸੂਚਿਤ ਕੀਤਾ ਜਾਵੇ ਤੇ ਸੰਬੰਧਿਤ ਵਿਭਾਗ ਤੋਂ ਬਣਦੀ ਇਜਾਜ਼ਤ ਵੀ ਲਈ ਜਾਵੇ। ਬਿਨਾਂ ਮਨਜ਼ੂਰੀ ਹਵਾਈ ਅੱਡੇ ਦੇ ਨੇੜਲੇ ਖੇਤਰ ’ਚ ਕਿਸੇ ਵੀ ਤਰ੍ਹਾਂ ਦੀ ਡਰੋਨ ਗਤੀਵਿਧੀ ਦੀ ਇਜਾਜ਼ਤ ਨਹੀਂ ਹੋਵੇਗੀ। ਐੱਸ.ਪੀ. ਘੁੰਮਣ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਡਰੋਨ ਜਾਂ ਡਰੋਨਨੁਮਾ ਵਸਤੂ ਦੀ ਗਤੀਵਿਧੀ ਨਜ਼ਰ ਆਉਣ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜਾਸਾਂਸੀ ਹਵਾਈ ਅੱਡੇ ਤੋਂ ਥੋੜੀ ਦੂਰ ਇਕ ਪਿੰਡ ’ਚ ਖੇਡ ਟੂਰਨਾਮੈਂਟ ਵੀ ਕਰਵਾਇਆ ਜਾ ਰਿਹਾ ਸੀ, ਜੋ ਦੇਰ ਸ਼ਾਮ ਖ਼ਤਮ ਹੋ ਗਿਆ ਸੀ ਤੇ ਉਸ ਜਗ੍ਹਾ ’ਤੇ ਡਰੋਨ ਰਾਹੀਂ ਵੀਡੀਓਗ੍ਰਾਫੀ ਕਰਨ ਦੀ ਵੀ ਗੱਲ ਸਾਹਮਣੇ ਆਈ ਸੀ, ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਹਵਾਈ ਅੱਡੇ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਹਵਾਈ ਅੱਡੇ ਦੇ ਲਗਭਗ 8 ਕਿੱਲੋਮੀਟਰ ਦੇ ਘੇਰੇ ’ਚ ਡਰੋਨ ਉਡਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਬਾਵਜੂਦ ਹਵਾਈ ਅੱਡੇ ਨੇੜੇ ਡਰੋਨ ਉਡਾਏ ਜਾਣ ਦੀ ਘਟਨਾ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਮੌਕੇ ਡੀ.ਐੱਸ.ਪੀ. ਜਗਬੀਰ ਸਿੰਘ ਔਲਖ ਤੇ ਐੱਸ.ਐੱਚ.ਓ. ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਸਮੇਤ ਪੁਲਿਸ ਅਧਿਕਾਰੀ ਮੌਜੂਦ ਸਨ। ਮਲੇਸ਼ੀਆ ਏਅਰਲਾਈਨ ਦੇ ਯਾਤਰੀਆਂ ਨੂੰ ਹਵਾਈ ਅੱਡੇ ਨੇੜੇ ਹੋਟਲ ’ਚ ਠਹਿਰਾਇਆ ਮਲੇਸ਼ੀਆ ਏਅਰਲਾਈਨ ਦੀ ਉਡਾਣ ਅੱਜ ਸ਼ਾਮ ਤੱਕ ਵੀ ਰਾਜਾਸਾਂਸੀ ਹਵਾਈ ਅੱਡੇ ’ਤੇ ਨਹੀਂ ਪਹੁੰਚ ਸਕੀ, ਜਿਸ ਕਾਰਨ ਅੰਮ੍ਰਿਤਸਰ ਤੋਂ ਵੱਖ-ਵੱਖ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ ਨੇੜਲੇ ਇਕ ਹੋਟਲ ’ਚ ਠਹਿਰਾਇਆ ਗਿਆ। ਇਸੇ ਤਰ੍ਹਾਂ ਉਕਤ ਉਡਾਣ ਰਾਹੀਂ ਬੀਤੀ ਰਾਤ ਵਿਦੇਸ਼ਾਂ ਤੋਂ ਅੰਮ੍ਰਿਤਸਰ ਪਹੁੰਚਣ ਵਾਲੇ ਯਾਤਰੂਆਂ ਨੂੰ ਦਿੱਲੀ ਦੇ ਹਵਾਈ ਅੱਡੇ ਨੇੜੇ ਇਕ ਹੋਟਲ ’ਚ ਠਹਿਰਾਇਆ ਗਿਆ ਹੈ। ਪੰਜਾਬ ਪੁਲਿਸ ਦੇ ਸੇਵਾਮੁਕਤ ਇੰਸਪੈਕਟਰ ਅਨੋਖ ਸਿੰਘ ਔਲਖ ਤੇ ਸਾਬਕਾ ਸਰਪੰਚ ਮਨਜੀਤ ਸਿੰਘ ਅਟਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਜੀਜਾ ਸੁਰਜੀਤ ਸਿੰਘ ਭੋਜੀਆ ਤੇ ਭੈਣ ਗੁਰਮੀਤ ਕੌਰ ਵੀ ਅਸਟ੍ਰੇਲੀਆ ਤੋਂ ਵਾਪਸ ਆ ਰਹੇ ਸਨ ਤੇ ਮਲੇਸ਼ੀਆ ਏਅਰਲਾਈਨ ਦੀ ਇਸੇ ਉਡਾਣ ’ਚ ਸਵਾਰ ਸਨ, ਜੋ ਹੋਰ ਯਾਤਰੂਆਂ ਵਾਂਗ ਦਿੱਲੀ ਦੇ ਇਕ ਹੋਟਲ ’ਚ ਠਹਿਰੇ ਹੋਏ ਹਨ।
ਪਿਛਲੀ ਖ਼ਬਰ ਭੰਮੇ ਖ਼ੁਰਦ ਦੇ ਵਾਟਰ ਵਰਕਸ ਦੇ ਡੱਗ ’ਚ ਡੁੱਬਣ ਕਾਰਨ ਮਾਂ ਅਤੇ 2 ਬੱਚਿਆਂ ਦੀ ਮੌਤ ਅਗਲੀ ਖ਼ਬਰ ਸਹੁੰ ਚੁੱਕਣ ਤੋਂ ਦੋ ਘੰਟਿਆਂ ਬਾਅਦ ਹੀ ਹਾਈ ਕੋਰਟ ਦੇ ਚੀਫ਼ ਜਸਟਿਸ ਮਿਸ਼ਰਾ ਦਾ ਸਖ਼ਤ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।