22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਪਾਵਰਕਾਮ ਵਲੋਂ ਚੀਫ਼ ਇੰਜੀਨੀਅਰ ਸਮੇਤ 4 ਸੀਨੀਅਰ ਇੰਜੀਨੀਅਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ

ਰਾਮਪੁਰਾ ਫੂਲ, 21 ਅਗਸਤ-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬਹੁ-ਚਰਚਿਤ ਲਗਭਗ 157 ਕਰੋੜ ਰੁਪਏ ਦੇ ਸੋਲਰ ਪਾਵਰ ਪਲਾਂਟ ਪ੍ਰੋਜੈਕਟ ਵਿਚ ਹੋਏ ਵੱਡੇ ਘਪਲੇ ਦੀਆਂ ਪਰਤਾਂ ਆਖਿਰਕਾਰ ਸਰਕਾਰੀ ਪੱਧਰ ’ਤੇ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਸਰਕਾਰ ਦੇ ਬਿਜਲੀ ਸਕੱਤਰ ਤੇ ਪਾਵਰਕਾਮ ਦੇ ਸੀ.

ਅਜੀਤ ਡੈਸਕ 22-08-2026
ਰਾਮਪੁਰਾ ਫੂਲ, 21 ਅਗਸਤ-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬਹੁ-ਚਰਚਿਤ ਲਗਭਗ 157 ਕਰੋੜ ਰੁਪਏ ਦੇ ਸੋਲਰ ਪਾਵਰ ਪਲਾਂਟ ਪ੍ਰੋਜੈਕਟ ਵਿਚ ਹੋਏ ਵੱਡੇ ਘਪਲੇ ਦੀਆਂ ਪਰਤਾਂ ਆਖਿਰਕਾਰ ਸਰਕਾਰੀ ਪੱਧਰ ’ਤੇ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਸਰਕਾਰ ਦੇ ਬਿਜਲੀ ਸਕੱਤਰ ਤੇ ਪਾਵਰਕਾਮ ਦੇ ਸੀ.ਐਮ.ਡੀ. ਵਲੋਂ ਗਠਿਤ ਵਿਭਾਗ ਦੀ ਉੱਚ ਪੱਧਰੀ ਤਕਨੀਕੀ ਆਡਿਟ ਦੀ ਜਾਂਚ ਰਿਪੋਰਟ ਨੇ ਇਨ੍ਹਾਂ ਤੱਥਾਂ ’ਤੇ ਮੋਹਰ ਲਗਾ ਦਿੱਤੀ ਹੈ ਕਿ ਟੈਂਡਰ ਪ੍ਰਕਿਰਿਆ ਅਤੇ ਖਾਸ ਕਰਕੇ ਕੌਰੀਜੈਂਡਮ ਨੰਬਰ 1 ਰਾਹੀਂ ਨਿਯਮਾਂ ਦੀ ਘੋਰ ਉਲੰਘਣਾ ਕੀਤੀ ਗਈ ਸੀ। ਬੋਰਡ ਆਫ਼ ਡਾਇਰੈਕਟਰਜ਼ ਦੀ ਕਮੇਟੀ ਵਲੋਂ ਪਾਸ ਕੀਤੇ ਗਏ ਤਾਜ਼ਾ ਮਤੇ ਨੇ ਪ੍ਰਸ਼ਾਸਨਿਕ ਹਲਕਿਆਂ ਵਿਚ ਭੁਚਾਲ ਲਿਆ ਦਿੱਤਾ ਹੈ, ਕਿਉਂਕਿ ਇਸ ਘਪਲੇ ਵਿਚ ਸਿੱਧੇ ਤੌਰ ’ਤੇ ਸ਼ਾਮਿਲ ਚੀਫ਼ ਇੰਜੀਨੀਅਰ ਪੱਧਰ ਤੱਕ ਦੇ ਚਾਰ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਦੋਸ਼ ਪੱਤਰ ਜਾਰੀ ਕਰਨ ਅਤੇ ਅਨੁਸ਼ਾਸਨੀ ਕਾਰਵਾਈ ਦੇ ਸਖ਼ਤ ਹੁਕਮ ਦੇ ਦਿੱਤੇ ਗਏ ਹਨ। ਇਸ ਦੇ ਨਾਲ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡਾਇਰੈਕਟਰ ਜਨਰੇਸ਼ਨ ਦੀ ਭੂਮਿਕਾ ਦੀ ਵੀ ਵਿਸ਼ੇਸ਼ ਪੜ੍ਹਤਾਲ ਕਰਨ ਦਾ ਵੱਡਾ ਫੈਸਲਾ ਲਿਆ ਗਿਆ ਹੈ, ਜੋ ਦਰਸਾਉਂਦਾ ਹੈ ਕਿ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਸਨ।ਪਾਵਰਕਾਮ ਦੀ ਬੋਰਡ ਆਫ਼ ਡਾਇਰੈਕਟਰਜ਼ ਕਮੇਟੀ ਵਲੋਂ 18 ਅਗਸਤ 2026 ਨੂੰ ਏਜੰਡਾ ਨੰਬਰ 7/ਸੀ ਈ/ਟੀ ਏ ਐਂਡ ਆਈ ਉਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਟੈਂਡਰ ਇਨਕੁਆਰੀ ਨੰਬਰ 49/ ਆਈ.ਪੀ.ਸੀ./ ਆਰ.ਟੀ.ਐਸ./ 2023-24 ਦੀ ਪ੍ਰਕਿਰਿਆ ਦੌਰਾਨ ਹੋਈਆਂ ਬੇਨਿਯਮੀਆਂ ਦਾ ਸਖ਼ਤ ਨੋਟਿਸ ਲਿਆ ਗਿਆ। ਕਮੇਟੀ ਨੇ ਆਈਟਮ ਨੰਬਰ 331.57 ਰਾਹੀਂ ਪਾਸ ਕੀਤੇ ਮਤੇ ਵਿਚ ਸਪੱਸ਼ਟ ਕੀਤਾ ਕਿ ਜਾਂਚ ਰਿਪੋਰਟ ਵਿਚ ਸਾਹਮਣੇ ਆਈਆਂ ਪ੍ਰਸ਼ਾਸਨਿਕ ਖਾਮੀਆਂ ਅਤੇ ਕੌਰੀਜੈਂਡਮ ਨੰਬਰ 1 ਦੀ ਗਲਤ ਵਰਤੋਂ ਨੂੰ ਅਧਿਕਾਰਤ ਤੌਰ ’ਤੇ ਰਿਕਾਰਡ ’ਤੇ ਲੈ ਲਿਆ ਗਿਆ ਹੈ।ਇਸ ਉੱਚ ਪੱਧਰੀ ਪੜ੍ਹਤਾਲ ਤੋਂ ਬਾਅਦ ਵਿਭਾਗ ਵਲੋਂ ਜਿਨ੍ਹਾਂ ਅਧਿਕਾਰੀਆਂ ਨੂੰ ਨਿਸ਼ਾਨੇ ’ਤੇ ਲਿਆ ਗਿਆ ਹੈ, ਉਨ੍ਹਾਂ ਵਿਚ ਇੰਜੀਨੀਅਰ ਅਮਨਦੀਪ ਸਿੰਘ, ਏ. ਈ. ਈ. (ਕੋਡ ਨੰ: 110552) ਅਤੇ ਇੰਜੀਨੀਅਰਸ. ਰਣਜੀਤ ਸਿੰਘ, ਵਧੀਕ ਐਸ.ਈ. (ਕੋਡ ਨੰ : 107595) ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਇੰਜੀਨੀਅਰ. ਮੋਹਿਤ ਗੁਪਤਾ, ਡਿਪਟੀ ਚੀਫ ਇੰਜੀਨੀਅਰ (ਕੋਡ ਨੰ: 105447) ਅਤੇ ਇੰਜੀਨੀਅਰ ਵੀ.ਪੀ.ਐਸ. ਕੈਲੇ, ਚੀਫ਼ ਇੰਜੀਨੀਅਰ (ਕੋਡ ਨੰ: 104819) ਵਿਰੁੱਧ ਵੀ ਨਿਯਮਾਂ ਅਨੁਸਾਰ ਅਨੁਸ਼ਾਸਨੀ ਕਾਰ ਵਾਈ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ। ਜਾਂਚ ਰਿਪੋਰਟ ਵਿਚ ਸਥਾਪਿਤ ਕੀਤੀ ਗਈ ਜ਼ਿੰਮੇਵਾਰੀ ਦੇ ਆਧਾਰ ’ਤੇ ਇਨ੍ਹਾਂ ਸਾਰਿਆਂ ਨੂੰ ਸਾਂਝੀ ਕਾਰਵਾਈ ਅਧੀਨ ਰਸਮੀ ਤੌਰ ’ਤੇ ਚਾਰਜਸ਼ੀਟ ਜਾਰੀ ਕੀਤੀ ਜਾਵੇਗੀ।ਇਸ ਘਪਲੇ ਦੀ ਸਭ ਤੋਂ ਹੈਰਾਨੀਜਨਕ ਕੜੀ ਉਦੋਂ ਸਾਹਮਣੇ ਆਈ ਜਦੋਂ ਜਾਂਚ ਦੀ ਆਂਚ ਡਾਇਰੈਕਟਰ ਪੱਧਰ ਤੱਕ ਪਹੁੰਚ ਗਈ। ਮਤੇ ਅਨੁਸਾਰ ਤਤਕਾਲੀ ਡਾਇਰੈਕਟਰ ਜਨਰੇਸ਼ਨ, ਇੰਜੀਨੀਅਰ ਪਰਮਜੀਤ ਸਿੰਘ ਵਿਰੁੱਧ ਲੱਗੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਵੇਦਨਸ਼ੀਲ ਮਾਮਲੇ ਦੀ ਪੜ੍ਹਤਾਲ ਲਈ ਡਾਇਰੈਕਟਰ ਡਿਸਟ੍ਰੀਬਿਊਸ਼ਨ, ਡਾਇਰੈਕਟਰ ਕਮਰਸ਼ੀਅਲ ਅਤੇ ਡਾਇਰੈਕਟਰ ਜਨਰੇਸ਼ਨ ਦੀ ਇਕ ਵਿਸ਼ੇਸ਼ ਉੱਚ-ਪੱਧਰੀ ਕਮੇਟੀ ਬਣਾਈ ਗਈ ਹੈ, ਜਿਸ ਦੀ ਰਿਪੋਰਟ ਹੋਲ ਟਾਈਮ ਡਾਇਰੈਕਟਰਜ਼ ਦੀ ਮੁੱਖ ਕਮੇਟੀ ਅੱਗੇ ਮੁੜ ਪੇਸ਼ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਪਾਵਰਕਾਮ ਵਲੋਂ 7 ਵੱਖ-ਵੱਖ ਜ਼ੋਨਾਂ ਵਿਚ 1,013 ਥਾਵਾਂ ਉਤੇ 31,370.36 ਕਿਲੋਵਾਟ ਸਮਰੱਥਾ ਵਾਲੇ ਰੂਫ਼ਟਾਪ ਸੋਲਰ ਪੀ.ਵੀ. ਪਲਾਂਟ ਲਗਾਉਣ ਦਾ ਪ੍ਰੋਜੈਕਟ ਉਲੀਕਿਆ ਗਿਆ ਸੀ, ਜਿਸ ਦੀ ਅੰਦਾਜ਼ਨ ਲਾਗਤ ਲਗਭਗ 157 ਕਰੋੜ 7 ਲੱਖ 76 ਹਜ਼ਾਰ ਰੁਪਏ ਮਿੱਥੀ ਗਈ ਸੀ। ਸ਼ੁਰੂਆਤੀ ਟੈਂਡਰ ਵਿਚ ਬਹੁਤ ਸਖ਼ਤ ਵਿੱਤੀ ਅਤੇ ਤਕਨੀਕੀ ਸ਼ਰਤਾਂ ਰੱਖੀਆਂ ਗਈਆਂ ਸਨ ਤਾਂ ਜੋ ਆਮ ਅਤੇ ਦਰਮਿਆਨੀਆਂ ਕੰਪਨੀਆਂ ਨੂੰ ਮੁਕਾਬਲੇ ਵਿਚੋਂ ਬਾਹਰ ਕੱਢਿਆ ਜਾ ਸਕੇ। ਪਾਵਰਕਾਮ ਮੈਨੇਜਮੈਂਟ ਅਤੇ ਹੋਲ ਟਾਈਮ ਡਾਇਰੈਕਟਰਜ਼ ਤੇ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਦੇ ਸਕੱਤਰ ਬਸੰਤ ਗਰਗ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਲਾਪ੍ਰਵਾਹੀ ਨੂੰ ਕਿਸੇ ਵੀ ਪੱਧਰ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੀ.ਐਮ.ਡੀ. ਵਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਚੁੱਕਿਆ ਗਿਆ ਇਹ ਸਖ਼ਤ ਕਦਮ ਬੇਸ਼ੱਕ ਸ਼ਲਾਘਾਯੋਗ ਅਤੇ ਸਹੀ ਦਿਸ਼ਾ ਵੱਲ ਹੈ ਪਰ ਇਹ ਸਿਰਫ਼ ਇਕ ਸ਼ੁਰੂਆਤ ਹੈ। ਪੰਜਾਬ ਨੂੰ ਬਿਜਲੀ ਸੰਕਟ ਵਿਚੋਂ ਕੱਢਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਸੋਲਰ ਮਿਸ਼ਨ ਇਕ ਅਹਿਮ ਸੰਜੀਵਨੀ ਹੈ, ਜਿਸ ਵਿਚ ਕਿਸੇ ਵੀ ਕਿਸਮ ਦੀ ਮਿਲਾਵਟ ਸੂਬੇ ਦੇ ਊਰਜਾ ਭਵਿੱਖ ਨਾਲ ਖਿਲਵਾੜ ਹੋਵੇਗਾ।
ਪਿਛਲੀ ਖ਼ਬਰ ਅਦਾਲਤ ਵਲੋਂ ਚਾਰਾ ਘੁਟਾਲੇ ਮਾਮਲਿਆਂ ’ਚ ਦਸਤਾਵੇਜ਼ ਪ੍ਰਾਪਤ ਕਰਨ ਲਈ ਸੀ.ਬੀ.ਆਈ. ਨੂੰ 8 ਹਫ਼ਤਿਆਂ ਦਾ ਸਮਾਂ ਅਗਲੀ ਖ਼ਬਰ ਸਿੱਖਿਆ ਵਿਭਾਗ ਪੰਜਾਬ ਨੇ ਨਾਨ-ਟੀਚਿੰਗ ਕਾਡਰ ਤੇ ਪ੍ਰਾਇਮਰੀ ਸਕੂਲ ਕਾਡਰ ਤੋਂ ਮਾਸਟਰ ਕਾਡਰ ਦੀਆਂ ਪਦਉੱਨਤੀਆਂ ਸੰਬੰਧੀ ਕੇਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।