20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਹਰਿਆਣਾ ’ਚ ਭਾਜਪਾ ਦੀ ਸਰਕਾਰ ਬਣਾਉਣ ’ਚ ਸਫ਼ਲ ਰਹਿਣ ਤੋਂ ਬਾਅਦ ਹੁਣ ਪੂਨੀਆ ਦਾ ਪੰਜਾਬ ’ਚ ਇਮਤਿਹਾਨ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਸਤੀਸ਼ ਪੂਨੀਆ ਨੂੰ ਸੌਂਪੀ ਹੈ ਕਮਾਨ

ਚੰਡੀਗੜ੍ਹ, 19 ਅਗਸਤ (ਸੰਦੀਪ ਕੁਮਾਰ ਮਾਹਨਾ)-ਹਰਿਆਣਾ ’ਚ ਭਾਜਪਾ ਨੂੰ ਲਗਾਤਾਰ ਤੀਜੀ ਵਾਰ ਸੱਤਾ ਤੱਕ ਪਹੁੰਚਾਉਣ ਵਾਲੇ ਸੰਗਠਨਾਤਮਕ ਤਜਰਬੇ ਤੋਂ ਬਾਅਦ ਹੁਣ ਸਤੀਸ਼ ਪੂਨੀਆ ਲਈ ਪੰਜਾਬ ਦੀ ਸਿਆਸੀ ਧਰਤੀ ਨਵਾਂ ਇਮਤਿਹਾਨ ਬਣ ਗਈ ਹੈ। ਭਾਜਪਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਰਾਜਸਥਾਨ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸਤੀਸ਼ ਪੂਨੀਆ ਨੂੰ ਪੰਜਾਬ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਹੈ।

ਅਜੀਤ ਡੈਸਕ 20-08-2026
ਚੰਡੀਗੜ੍ਹ, 19 ਅਗਸਤ (ਸੰਦੀਪ ਕੁਮਾਰ ਮਾਹਨਾ)-ਹਰਿਆਣਾ ’ਚ ਭਾਜਪਾ ਨੂੰ ਲਗਾਤਾਰ ਤੀਜੀ ਵਾਰ ਸੱਤਾ ਤੱਕ ਪਹੁੰਚਾਉਣ ਵਾਲੇ ਸੰਗਠਨਾਤਮਕ ਤਜਰਬੇ ਤੋਂ ਬਾਅਦ ਹੁਣ ਸਤੀਸ਼ ਪੂਨੀਆ ਲਈ ਪੰਜਾਬ ਦੀ ਸਿਆਸੀ ਧਰਤੀ ਨਵਾਂ ਇਮਤਿਹਾਨ ਬਣ ਗਈ ਹੈ। ਭਾਜਪਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਰਾਜਸਥਾਨ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸਤੀਸ਼ ਪੂਨੀਆ ਨੂੰ ਪੰਜਾਬ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਹੈ। ਰਾਸ਼ਟਰੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਮਿਲਣ ਦੇ ਅਗਲੇ ਹੀ ਦਿਨ ਪੰਜਾਬ ਦੀ ਕਮਾਨ ਮਿਲਣ ਨਾਲ ਪੂਨੀਆ ਦੀ ਭੂਮਿਕਾ ਹੋਰ ਵੀ ਅਹਿਮ ਹੋ ਗਈ ਹੈ। ਭਾਜਪਾ ਵਲੋਂ 17 ਅਗਸਤ ਨੂੰ ਆਪਣੀ ਨਵੀਂ ਰਾਸ਼ਟਰੀ ਟੀਮ ਦਾ ਐਲਾਨ ਕਰਦਿਆਂ ਸਤੀਸ਼ ਪੂਨੀਆ ਨੂੰ ਰਾਸ਼ਟਰੀ ਜਨਰਲ ਸਕੱਤਰ ਬਣਾਇਆ ਗਿਆ ਸੀ। ਇਸ ਤੋਂ ਅਗਲੇ ਦਿਨ ਹੀ ਉਨ੍ਹਾਂ ਨੂੰ ਪੰਜਾਬ ਦਾ ਚੋਣ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ। ਇਸ ਨਿਯੁਕਤੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਚੋਣੀ ਰਣਨੀਤੀ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।ਸਤੀਸ਼ ਪੂਨੀਆ ਨੇ ਆਪਣਾ ਸਿਆਸੀ ਸਫ਼ਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਤੋਂ ਸ਼ੁਰੂ ਕੀਤਾ। ਵਿਦਿਆਰਥੀ ਰਾਜਨੀਤੀ ਤੋਂ ਅੱਗੇ ਵਧਦਿਆਂ ਉਨ੍ਹਾਂ ਨੇ ਭਾਰਤੀ ਜਨਤਾ ਯੁਵਾ ਮੋਰਚਾ ਅਤੇ ਰਾਜਸਥਾਨ ਭਾਜਪਾ ਵਿਚ ਵੱਖ-ਵੱਖ ਸੰਗਠਨਾਤਮਕ ਜ਼ਿੰਮੇਵਾਰੀਆਂ ਸੰਭਾਲੀਆਂ। ਲੰਬੇ ਸਮੇਂ ਤੱਕ ਪਾਰਟੀ ਦੇ ਸੰਗਠਨ ਨਾਲ ਜੁੜੇ ਰਹਿਣ ਕਾਰਨ ਪੂਨੀਆ ਦੀ ਪਛਾਣ ਇਕ ਅਜਿਹੇ ਆਗੂ ਵਜੋਂ ਬਣੀ, ਜਿਸ ਨੂੰ ਜ਼ਮੀਨੀ ਪੱਧਰ ’ਤੇ ਵਰਕਰਾਂ ਨਾਲ ਕੰਮ ਕਰਨ ਅਤੇ ਸੰਗਠਨ ਨੂੰ ਚੋਣੀ ਮਸ਼ੀਨਰੀ ਵਿਚ ਤਬਦੀਲ ਕਰਨ ਦਾ ਤਜਰਬਾ ਹੈ। 2018 ਦੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ ’ਚ ਉਹ ਆਮੇਰ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ। ਇਸ ਤੋਂ ਬਾਅਦ 2019 ਵਿਚ ਉਨ੍ਹਾਂ ਨੂੰ ਰਾਜਸਥਾਨ ਭਾਜਪਾ ਦਾ ਸੂਬਾ ਪ੍ਰਧਾਨ ਬਣਾਇਆ ਗਿਆ। 2019 ਤੋਂ 2023 ਤੱਕ ਉਨ੍ਹਾਂ ਨੇ ਸੂਬੇ ’ਚ ਪਾਰਟੀ ਦੀ ਅਗਵਾਈ ਕੀਤੀ। ਹਾਲਾਂਕਿ, 2023 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਆਮੇਰ ਹਲਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਪਾਰਟੀ ਦੇ ਸੰਗਠਨ ’ਚ ਉਨ੍ਹਾਂ ਦੀ ਭੂਮਿਕਾ ਖ਼ਤਮ ਨਹੀਂ ਹੋਈ।ਰਾਜਸਥਾਨ ਤੋਂ ਬਾਅਦ ਭਾਜਪਾ ਨੇ ਪੂਨੀਆ ਨੂੰ ਹਰਿਆਣਾ ਦੀ ਜ਼ਿੰਮੇਵਾਰੀ ਸੌਂਪੀ। ਹਰਿਆਣਾ ਵਿਚ ਪਾਰਟੀ ਦੇ ਸੰਗਠਨ ਅਤੇ ਚੋਣ ਤਿਆਰੀਆਂ ਨਾਲ ਜੁੜੇ ਕੰਮ ਨੇ ਉਨ੍ਹਾਂ ਨੂੰ ਵੱਖਰੇ ਸਿਆਸੀ ਮਾਹੌਲ ਵਿਚ ਕੰਮ ਕਰਨ ਦਾ ਮੌਕਾ ਦਿੱਤਾ। 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ 90 ਵਿਚੋਂ 48 ਸੀਟਾਂ ਜਿੱਤ ਕੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਈ। ਹਰਿਆਣਾ ਦੀ ਸਫ਼ਲਤਾ ਤੋਂ ਬਾਅਦ ਪੂਨੀਆ ਦਾ ਸਿਆਸੀ ਕੱਦ ਹੋਰ ਵਧਿਆ। 2026 ਵਿਚ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਭੇਜਿਆ ਗਿਆ ਅਤੇ ਹੁਣ ਉਨ੍ਹਾਂ ਨੂੰ ਭਾਜਪਾ ਦੇ ਕੌਮੀ ਜਨਰਲ ਸਕੱਤਰ ਦੇ ਨਾਲ ਨਾਲ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਹੈ। ਇਸ ਤਰ੍ਹਾਂ ਪਾਰਟੀ ਸੰਗਠਨ ਵਿਚ ਉਨ੍ਹਾਂ ਦੀ ਭੂਮਿਕਾ ਹੁਣ ਸੂਬਾਈ ਪੱਧਰ ਤੋਂ ਨਿਕਲ ਕੇ ਰਾਸ਼ਟਰੀ ਪੱਧਰ ਤੱਕ ਪਹੁੰਚ ਗਈ ਹੈ।
ਪਿਛਲੀ ਖ਼ਬਰ ਚੀਮਾ ਵਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗ ਦੌਰਾਨ ਮੰਗਾਂ ਦੇ ਜਲਦ ਹੱਲ ਦਾ ਦਿੱਤਾ ਭਰੋਸਾ ਅਗਲੀ ਖ਼ਬਰ ਅਮਰੀਕਾ ’ਚ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਨਾਂਅ ‘ਗੁਰੂ ਤੇਗ ਬਹਾਦਰ ਮਾਰਗ’ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।