26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪੰਜਾਬ ਵਿਚ ਸਹੀ ਵੋਟ ਕੱਟਣ ਨਹੀਂ ਦਿੱਤੀ ਜਾਵੇਗੀ ਅਤੇ ਜਾਅਲੀ ਵੋਟ ਰਹਿਣ ਨਹੀਂ ਦਿੱਤੀ ਜਾਵੇਗੀ-ਭਗਵੰਤ ਮਾਨ ਕਿਹਾ, ਵਿਦੇਸ਼ ਗਏ ਵਿਦਿਆਰਥੀਆਂ ਦੇ ਐਸ.ਆਈ.ਆਰ. ਫਾਰਮ ਆਨਲਾਈਨ ਭਰਵਾਏ ਜਾਣਗੇ

ਅਜੀਤ ਡੈਸਕ 02-07-2026
ਸੰਗਰੂਰ, 1 ਜੁਲਾਈ (ਸੁਖਵਿੰਦਰ ਸਿੰਘ ਫੁੱਲ, ਧੀਰਜ ਪਸ਼ੌਰੀਆ)-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਿਚ ਐਸ.ਆਈ.ਆਰ. (ਵਿਸ਼ੇਸ਼ ਗਹਿਰੀ ਸੁਧਾਈ) ਲਈ 90 ਫ਼ੀਸਦੀ ਵੋਟਰਾਂ ਦੀ ਮੈਪਿੰਗ ਹੋ ਚੁੱਕੀ ਹੈ ਅਤੇ ਬਾਕੀ ਰਹਿੰਦਾ ਕੰਮ ਵੀ ਜੰਗੀ ਪੱਧਰ ਉਤੇ ਚੱਲ ਰਿਹਾ ਹੈ। ਅੱਜ ਆਪਣੀ ਸਥਾਨਕ ਰਿਹਾਇਸ਼ ਵਿਖੇ ਆਪਣੀ ਵੋਟ ਦੀ ਤਸਦੀਕ ਲਈ ਆਪਣਾ ਅਤੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਗਣਨਾ ਫਾਰਮ ਭਰਨ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸੁਧਾਰ ਪ੍ਰੀਕਿਆ ਦੌਰਾਨ ਜਾਅਲੀ ਵੋਟ ਰਹਿਣ ਨਹੀਂ ਦੇਵੇਗੀ ਅਤੇ ਕਿਸੇ ਵੀ ਅਸਲੀ ਵੋਟ ਨੂੰ ਕੱਟਣ ਨਹੀਂ ਦੇਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨਹੀਂ ਹੋ ਸਕੇਗਾ ਕਿ ਕਿਸੇ ਦੀ ਵੋਟ ਪੰਜਾਬ ਵਿਚ ਵੀ ਬਣੀ ਅਤੇ ਦੂਜੇ ਸੂਬੇ ਵਿਚ ਵੀ। ਵਿਦੇਸ਼ਾਂ ਵਿਚ ਸਟੱਡੀ ਵੀਜ਼ੇ ਉਤੇ ਗਏ ਵਿਦਿਆਰਥੀਆਂ ਦੀ ਵੋਟ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਫਾਰਮ ਆਨਲਾਇਨ ਭਰੇ ਜਾਣਗੇ। ਫਾਰਮ ਜਮ੍ਹਾਂ ਨਾ ਕਰਵਾਉਣ ਵਾਲਿਆਂ ਬਾਰੇ ਜਾਣਕਾਰੀ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਫਾਰਮ ਜਮ੍ਹਾਂ ਨਹੀਂ ਕਰਵਾਉਣਗੇ, ਉਨ੍ਹਾਂ ਬਾਰੇ ਗੁਆਂਢੀਆਂ ਤੋਂ ਪੁੱਛਗਿੱਛ ਕਰਕੇ ਲੋੜੀਂਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਅਜਿਹੇ ਵੋਟਰਾਂ ਨੂੰ ਚਾਰ ਸ਼੍ਰੇਣੀਆਂ ਵਿਚ ਵੰਡਿਆ ਜਾਵੇਗਾ, ਜਿਨ੍ਹਾਂ ਵਿਚ ਗੈਰ-ਹਾਜ਼ਰ, ਸ਼ਿਫਟ ਹੋ ਚੁੱਕੇ, ਮ੍ਰਿਤਕ ਅਤੇ ਦੋਹਰੀ ਵੋਟ ਵਾਲੇ ਵੋਟਰ ਸ਼ਾਮਿਲ ਹਨ। ਵੋਟਰ ਸੂਚੀਆਂ ਦੇ ਪ੍ਰਕਾਸ਼ਨ ਦੀ ਸਮਾਂ-ਸੀਮਾ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ, ਇਹ ਸੂਚੀ ਸਿਆਸੀ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ (ਬੀ.ਐਲ.ਏਜ਼) ਨਾਲ ਸਾਂਝੀ ਕੀਤੀ ਜਾਵੇਗੀ ਅਤੇ ਵੋਟਰ ਸੂਚੀ ਦਾ ਖਰੜਾ 3 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਜੇਕਰ ਕੋਈ ਵੋਟਰ ਸੂਚੀ ਦਾ ਖਰੜਾ ਪ੍ਰਕਾਸ਼ਨ ਹੋਣ ਤੋਂ ਪਹਿਲਾਂ ਫਾਰਮ ਜਮ੍ਹਾਂ ਨਹੀਂ ਕਰਵਾ ਪਾਉਂਦਾ ਤਾਂ ਉਹ 3 ਅਗਸਤ ਤੋਂ 2 ਸਤੰਬਰ ਦਰਮਿਆਨ ‘ਡੈਕਲਾਰੇਸ਼ਨ ਫਾਰਮ’ ਦੇ ਨਾਲ ਫਾਰਮ-6 ਜਮ੍ਹਾਂ ਕਰਵਾ ਕੇ ਆਪਣਾ ਦਾਅਵਾ ਪੇਸ਼ ਕਰ ਸਕਦਾ ਹੈ। ਅੰਤਿਮ ਵੋਟਰ ਸੂਚੀ ਇਕ ਅਕਤੂਬਰ, 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਹਰ ਯੋਗ ਵੋਟਰ ਦੇ ਹੱਕਾਂ ਦੀ ਰਾਖੀ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਚਲਾਈ ਜਾ ਰਹੀ ਐਸ.ਆਈ.ਆਰ. ਪ੍ਰਕਿਰਿਆ ਦੌਰਾਨ ਸੂਬਾ ਸਰਕਾਰ ਇਕ ਵੀ ਅਸਲੀ ਵੋਟ ਨੂੰ ਕੱਟਣ ਨਹੀਂ ਦੇਵੇਗੀ। ਸੂਬਾ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਅਤੇ ਯੋਗ ਵੋਟਰਾਂ ਨੂੰ ਉਨ੍ਹਾਂ ਦੇ ਜਮਹੂਰੀ ਹੱਕ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਵਾਂਝਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਪੂਨਮਦੀਪ ਕੌਰ, ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਪਿਛਲੀ ਖ਼ਬਰ ਖੇਤੀਬਾੜੀ ਸਪਲਾਈ ’ਚ ਲੱਗੇ ਕੱਟਾਂ ਵਾਲੀ ਬਿਜਲੀ ਦੀ ਭਰਪਾਈ ਕੀਤੀ ਜਾਵੇਗੀ-ਡਾ. ਬਸੰਤ ਗਰਗ ਅਗਲੀ ਖ਼ਬਰ ਬੇਅਦਬੀ ਕਾਨੂੰਨ ਦਾ ਕੇਂਦਰ ਕੇਵਲ ਅਪਰਾਧੀ ਨਹੀਂ, ਸਗੋਂ ਅਪਰਾਧ ਦੀ ਜੜ੍ਹ ਹੋਣੀ ਚਾਹੀਦੀ-ਜਥੇਦਾਰ ਗੜਗੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।