ਈ.ਡੀ. ਵਲੋਂ ਸਬ-ਰਜਿਸਟਰਾਰ ਮਾਜਰੀ ਦੇ ਦਫ਼ਤਰ 'ਚ ਛਾਪੇਮਾਰੀ <br/>
ਅਜੀਤ ਡੈਸਕ
17-05-2026
ਮਾਜਰੀ (ਮੋਹਾਲੀ), 16 ਮਈ (ਕੁਲਵੰਤ ਸਿੰਘ ਧੀਮਾਨ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਜ਼ਿਲ੍ਹਾ ਮੁਹਾਲੀ ਦੀ ਸਬ-ਤਹਿਸੀਲ ਮਾਜਰੀ (ਨਿਊ ਚੰਡੀਗੜ੍ਹ) ਸਥਿਤ ਸਬ-ਰਜਿਸਟਰਾਰ ਦੇ ਦਫ਼ਤਰ ਵਿਖੇ ਕਥਿਤ ਬੇਨਾਮੀ ਜ਼ਮੀਨ ਦੇ ਲੈਣ-ਦੇਣ ਅਤੇ ਮਨੀ ਲਾਂਡਰਿੰਗ ਸੰਬੰਧੀ ਜਾਂਚ ਦੇ ਹਿੱਸੇ ਵਜੋਂ ਛਾਪੇਮਾਰੀ ਕੀਤੀ ਗਈ | ਸੂਤਰਾਂ ਅਨੁਸਾਰ ਈ. ਡੀ. ਪ੍ਰਸਤਾਵਿਤ ਲੈਂਡ ਪੂਲਿੰਗ-2025 ਤੋਂ ਪਹਿਲਾਂ ਜ਼ਮੀਨ ਦੇ ਸੌਦੇ 'ਚ ਕਥਿਤ ਤੌਰ 'ਤੇ ਸ਼ਾਮਿਲ ਲੁਧਿਆਣਾ ਦੀ ਇਕ ਰੀਐਲਟਰ ਨਾਲ ਜੁੜੇ ਜ਼ਮੀਨ ਦੇ ਸੌਦਿਆਂ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਕਰ ਰਹੀ ਸੀ ਅਤੇ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਪੁੱਜਣ ਤੋਂ ਬਾਅਦ ਨੀਤੀ ਨੂੰ ਰੱਦ ਕਰ ਦਿੱਤਾ ਗਿਆ ਸੀ | ਰੀਐਲਟਰ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਦੀ ਦੇਖ-ਭਾਲ ਕਰਨ ਵਾਲਾ ਇਕ ਉੱਚ ਰਾਜਸੀ ਸਰਪ੍ਰਸਤੀ ਪ੍ਰਾਪਤ ਅਧਿਕਾਰੀ ਸੀ | ਈ. ਡੀ. ਲੁਧਿਆਣਾ ਰੀਐਲਟਰ ਨਾਲ ਜੁੜੇ ਲੈਣ-ਦੇਣ ਅਤੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਕਾਸ ਵਿਭਾਗ ਮੁੱਲਾਂਪੁਰ ਗਰੀਬਦਾਸ (ਮੁਹਾਲੀ) ਵਿਖੇ ਗੈਰੀਓਡਾਸ ਅਤੇ ਸੰਬੰਧਿਤ ਰਿਕਾਰਡ ਦੀ ਜਾਂਚ ਕਰ ਰਹੀ ਹੈ | ਇਹ ਵੀ ਪਤਾ ਚੱਲਿਆ ਹੈ ਕਿ ਈ. ਡੀ. ਵਲੋਂ ਪਿੰਡ ਸ਼ਿੰਗਾਰੀਵਾਲਾ ਦੀ ਜ਼ਮੀਨ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ | ਖ਼ਬਰ ਲਿਖੇ ਜਾਣ ਤੱਕ ਈ. ਡੀ. ਵਲੋਂ ਅਧਿਕਾਰਤ ਤੌਰ 'ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ |