• ਸਹਿਕਾਰੀ ਬੈਂਕਾਂ ਵਲੋਂ ਕਰਜ਼ਾ ਹੱਦ ਵਧਾਉਣ ਤੋਂ ਪਾਸਾ ਵਟਣ ਕਰਕੇ ਕਿਸਾਨ ਸ਼ਾਹੂਕਾਰਾਂ ਦੇ ਦਰਵਾਜ਼ੇ ਖੜਕਾਉਣ ਲਈ ਬੇਵੱਸ • ਕਿਸਾਨ ਆਗੂਆਂ ਵਲੋਂ ਕੌਮੀ ਖੇਤੀ ਤੇ ਪੇਂਡੂ ਵਿਕਾਸ ਬੈਂਕ ਨਾਬਾਰਡ ਦੇ ਫ਼ੈਸਲੇ ਦੀ ਅਲੋਚਨਾ
ਵੀਰਪਾਲ ਸਿੰਘ
ਬਠਿੰਡਾ, 7 ਮਈ-ਕੌਮੀ ਖੇਤੀ ਤੇ ਪੇਂਡੂ ਵਿਕਾਸ ਬੈਂਕ ਨਾਬਾਰਡ ਵਲੋਂ ਖੇਤੀ ਕਰਜ਼ਿਆਂ 'ਤੇ ਕੱਟ ਲਗਾ ਦਿੱਤਾ ਗਿਆ, ਕਿਸਾਨਾਂ ਨੂੰ ਸਸਤੇ ਕਰਜ਼ੇ ਖਾਦ ਤੇ ਬੀਜ ਮੁਹੱਈਆ ਕਰਵਾਉਣ ਵਾਲੀਆਂ ਸਹਿਕਾਰੀ ਸਭਾਵਾਂ ਅਤੇ ਸਹਿਕਾਰੀ ਬੈਂਕ ਨੂੰ 2026 ਵਿਚ ਮਿਲਣ ਵਾਲੇ ਕਰਜ਼ਾ 2400 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਹੈ | ਨਾਬਾਰਡ ਦੇ ਇਸ ਫ਼ੈਸਲੇ ਨਾਲ ਸਹਿਕਾਰੀ ਸਭਾਵਾਂ ਅਤੇ ਸਹਿਕਾਰੀ ਬੈਂਕ ਨੂੰ ਵੱਡਾ ਵਿੱਤੀ ਸੰਕਟ ਝੱਲਣਾ ਪਵੇਗਾ | ਦੂਸਰੇ ਪਾਸੇ ਬੈਂਕਾਂ ਵਲੋਂ ਖੇਤੀ ਕਰਜ਼ਿਆਂ ਦੀ ਹੱਦ ਵਧਾਉਣ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ ਹੈ, ਜਿਸਨੂੰ ਲੈ ਕੇ ਸੂਬੇ ਦੇ ਕਿਸਾਨ ਸਾਉਣੀ ਦੀ ਫ਼ਸਲਾਂ ਦੇ ਪਾਲਣ ਪੋਸ਼ਣ ਲਈ ਸ਼ਾਹੂਕਾਰਾਂ ਤੋਂ ਮੋਟੀਆਂ ਵਿਆਜ ਦਰਾਂ 'ਤੇ ਕਰਜ਼ੇ ਲੈਣ ਲਈ ਮਜਬੂਰ ਹੋ ਰਹੇ ਹਨ | ਜਿਸ ਨਾਲ ਠੇਕੇ 'ਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲੇ ਛੋਟੇ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਵੱਜੇਗੀ | 'ਅਜੀਤ' ਵਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਕਿਸਾਨ ਕਰਜ਼ਿਆਂ ਹੱਦ ਵਧਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਵਿਚ ਸਾਲ 2026-27 ਵਿਚ ਕਣਕ ਲਈ 30,000 ਝੋਨੇ ਲਈ 39,000 ਅਤੇ ਗੰਨੇ ਲਹੀ 65,000 ਅਤੇ ਆਲੂਆਂ ਲਈ 67,291 ਰੁਪਏ ਪ੍ਰਤੀ ਏਕੜ ਸਸਤੇ ਕਰਜ਼ੇ ਦਿੱਤੇ ਜਾਣੇ ਸਨ, ਜਿਸ ਨਾਲ ਨਵੀਂ ਕਰਜ਼ਾ ਸਕੀਮ ਵਿਚ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਪਾਲਣ ਲਈ 24,440 ਰੁਪਏ ਦੀ ਰਾਸ਼ੀ ਨੂੰ ਵਧਾ ਕੇ 39,000 ਪ੍ਰਤੀ ਏਕੜ ਕਰਜ਼ੇ ਦਿੱਤੇ ਜਾਣ ਦਾ ਫੈਸਲਾ ਲਿਆ ਸੀ, ਜਿਸ ਵਿਚ 23,000 ਨਗਦ ਅਤੇ 16,000 ਰੁਪਏ ਦੇ ਖਾਦ ਅਤੇ ਬੀਜ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ | ਕੌਮੀ ਬੈਂਕ ਨਾਬਾਰਡ ਵਲੋਂ ਖੇਤੀ ਕਰਜ਼ਿਆਂ ਵਿਚ 24,000 ਕਰੋੜ ਕਟੌਤੀ ਕਰਨ ਤੋਂ ਬਾਅਦ ਸਹਿਕਾਰੀ ਸਭਾਵਾਂ ਅਤੇ ਸਹਿਕਾਰੀ ਬੈਂਕ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਫ਼ਸਲੀ ਕਰਜੇ ਦੇਣ ਤੋਂ ਪਾਸਾ ਵੱਟਣ ਲੱਗੇ ਹਨ | ਸੂਬੇ ਦਾ ਕਿਸਾਨ ਮਹਿੰਗੇ ਕਰਜ਼ਿਆਂ ਵਿਚ ਫਸਣ ਲਈ ਬੇਵੱਸ ਹੋ ਜਾਵੇਗਾ | ਸੂਬੇ ਦੀਆਂ ਕਿਸਾਨ ਜਥੇਬੰਦੀ ਵਲੋਂ ਕੌਮੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ ਨਾਬਾਰਡ ਵਲੋਂ ਖੇਤੀ ਕਰਜ਼ਿਆਂ ਵਿਚ ਕਟੌਤੀ ਕੀਤੇ ਜਾਣ ਦੇ ਰੋਸ ਪ੍ਰਗਟ ਕੀਤਾ ਗਿਆ ਜਾ ਰਿਹਾ ਹੈ | ਇਸ ਸਬੰਧ ਵਿਚ ਕਿਸਾਨ ਆਗੂ ਹਰਵਿੰਦਰ ਸਿੰਘ ਸੂਬਾ ਪ੍ਰਧਾਨ ਬੀ.ਕੇ.ਯੂ. ਲੱਖੋਵਾਲ, ਸਰੂਪ ਸਿੰਘ ਸਿੱਧੂ ਸੂਬਾ ਜਰਨਲ ਸਕੱਤਰ ਬੀ.ਕੇ.ਯੂ. ਲੱਖੋਵਾਲ ਡਕੈਤ, ਸਾਬਕਾ ਸਰਪੰਚ ਹੈਪੀ ਬੰਗੀ ਅਤੇ ਨਛੱਤਰ ਸਿੰਘ ਰਾਮਪੁਰਾ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਨੱਥਾ ਸਿੰਘ ਬਰਾੜ ਕਿਸਾਨ ਆਗੂਆਂ ਵਲੋਂ ਨਾਬਾਰਡ ਵਲੋਂ ਖੇਤੀ ਕਰਜ਼ਿਆਂ ਦੀ ਕੀਤੀ ਗਈ ਕਟੌਤੀ 'ਤੇ ਮੁੜ ਤੋਂ ਵਿਚਾਰ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਕੱਟੇ ਹੋਏ 2400 ਕਰੋੜ ਦੇ ਖੇਤੀ ਕਜਰਿਆਂ ਨੂੰ ਜਾਰੀ ਕੀਤੇ ਜਾਣ ਦੀ ਮੰਗ ਕੀਤੀ | ਕਿਸਾਨ ਆਗੂ ਰਮਨਦੀਪ ਸਿੰਘ ਹੈਪੀ ਬੰਗੀ ਸਾਬਕਾ ਸਰਪੰਚ ਨੇ ਕਿਹਾ ਕਿ ਦੇਸ਼ ਲਈ 45 ਫ਼ੀਸਦੀ ਅਨਾਜ ਪੈਦਾ ਕਰਨ ਵਾਲੇ ਕਿਸਾਨ ਪਹਿਲਾਂ ਹੀ ਨਾਜ਼ੁਕ ਆਰਥਿਕ ਸਥਿਤੀ ਵਿਚੋਂ ਲੰਘ ਰਹੇ ਹਨ | ਨਾਬਾਰਡ ਇਸ ਫ਼ੈਸਲੇ ਨਾਲ ਸੂਬੇ ਦੇ ਸ਼ਾਹੂਕਾਰਾਂ 'ਤੇ ਮਹਿੰਗੇ ਕਰਜ਼ੇ ਲੈਣ ਲਈ ਮਜਬੂਰ ਹੋ ਜਾਣਗੇ, ਜੋ ਅੰਨਦਾਤੇ ਨਾਲ ਵੱਡਾ ਧੋਖਾ ਹੋਵੇਗਾ |
ਖੇਤੀ ਕਰਜ਼ਿਆਂ 'ਤੇ ਕਟੌਤੀ ਤੋਂ ਬਾਅਦ ਸੂਬੇ ਦਾ ਕਿਸਾਨ ਨਿਰਾਸ਼ਾ ਦੇ ਆਲਮ 'ਚ
ਅਜੀਤ ਡੈਸਕ
08-05-2026