• 'ਆਪ੍ਰੇਸ਼ਨ ਸੰਧੂਰ' ਤੇ ਮਾਰਕਾ-ਏ-ਹੱਕ ਦੀ ਵਰ੍ਹੇਗੰਢ 'ਤੇ ਪਾਕਿ ਫ਼ੌਜ ਨੇ ਕੀਤੀ ਕਾਨਫ਼ਰੰਸ • ਭਾਰਤੀ ਹਮਲੇ 'ਚ ਹੋਏ ਨੁਕਸਾਨ ਦਾ ਕਬੂਲਿਆ ਸੱਚ
ਅੰਮਿ੍ਤਸਰ, 7 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਫ਼ੌਜ ਨੇ ਕਿਹਾ ਹੈ ਕਿ ਦੋ ਪ੍ਰਮਾਣੂ ਗੁਆਂਢੀਆਂ ਵਿਚਕਾਰ ਜੰਗ ਲਈ ਕੋਈ ਥਾਂ ਨਹੀਂ ਹੈ, ਕਿਉਂਕਿ ਇਹ ਜੰਗ ਦੋਵਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾ ਸਕਦੀ ਹੈ | ਪਾਕਿ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਰੀਅਰ ਐਡਮਿਰਲ ਸ਼ਿਫਾਤ ਅਲੀ ਖਾਨ ਅਤੇ ਏਅਰ ਵਾਈਸ ਮਾਰਸ਼ਲ ਤਾਰਿਕ ਗ਼ਾਜ਼ੀ ਨਾਲ ਇਸਲਾਮਾਬਾਦ 'ਚ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਕਤ ਟਿੱਪਣੀ ਕੀਤੀ | ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ 6-7 ਮਈ ਨੂੰ ਭਾਰਤ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹਮਲੇ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਂਦਿਆਂ ਪਾਕਿ 'ਤੇ ਹਮਲੇ ਕੀਤੇ | ਲੈਫ਼ਟੀਨੈਂਟ ਜਨਰਲ ਚੌਧਰੀ ਨੇ ਕਿਹਾ ਕਿ 80 ਘੰਟਿਆਂ ਤੋਂ ਵੱਧ ਚੱਲੀ ਇਹ ਜੰਗ ਆਖ਼ਰਕਾਰ 10 ਮਈ ਨੂੰ ਅਮਰੀਕਾ ਦੇ ਦਖ਼ਲ ਤੋਂ ਬਾਅਦ ਰੁਕ ਗਈ | ਉਨ੍ਹਾਂ ਨੇ ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਪਾਕਿ ਨੇ ਆਪਣੇ ਫ਼ੌਜੀ ਆਪ੍ਰੇਸ਼ਨ 'ਮਾਰਕਾ-ਏ-ਹੱਕ' ਤਹਿਤ 7 ਭਾਰਤੀ ਰਣਨੀਤਕ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਇਆ | ਚੌਧਰੀ ਨੇ ਨਾਲ ਹੀ ਅਸਿੱਧੇ ਤੌਰ 'ਤੇ ਇਹ ਵੀ ਮੰਨਿਆ ਕਿ ਭਾਰਤੀ ਫ਼ੌਜ ਨੇ ਬਹਾਵਲਪੁਰ 'ਚ ਮਰਕਜ਼ ਸੁਭਹਾਨ ਅੱਲ੍ਹਾ, ਮੁਰੀਦ ਕੇ 'ਚ ਲਸ਼ਕਰ-ਏ-ਤੋਇਬਾ ਦੇ ਹੈੱਡਕੁਆਟਰ ਮਰਕਜ਼-ਏ-ਤੋਇਬਾ, ਸਿਆਲਕੋਟ 'ਚ ਮਹਿਮੂਨਾ ਜੋਇਆ, ਭਿੰਬਰ 'ਚ ਮਰਕਜ਼ ਅਹਲੈ ਹਦੀਸ ਬਰਨਾਲਾ, ਕੋਟਲੀ 'ਚ ਮਰਕਜ਼ ਅੱਬਾਸ ਅਤੇ ਮਸਕਰ ਰਹੀਲ ਸ਼ਾਹਿਦ, ਮੁਜ਼ੱਫ਼ਰਾਬਾਦ 'ਚ ਸ਼ਵਾਈ ਨਾਲਾ ਕੈਂਪ ਅਤੇ ਮਰਕਜ਼ ਸਯਦਨਾ ਬਿਲਾਲ ਕੈਂਪ ਨੂੰ ਤਬਾਹ ਕਰ ਦਿੱਤਾ | ਉਨ੍ਹਾਂ ਕਿਹਾ ਕਿ ਪਾਕਿ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਭਾਰਤ ਤੋਂ ਨਹੀਂ ਮਿਲੇ ਹਨ |
'ਪ੍ਰਮਾਣੂ ਗੁਆਂਢੀਆਂ ਵਿਚਕਾਰ ਜੰਗ ਲਈ ਕੋਈ ਥਾਂ ਨਹੀਂ'
ਅਜੀਤ ਡੈਸਕ
08-05-2026