ਭਾਜਪਾ ਦੀ ਇਤਿਹਾਸਕ ਜਿੱਤ ਨੇ ਪੰਜਾਬ 'ਚ ਸਰਕਾਰ ਬਣਾਉਣ ਦਾ ਮੁੱਢ ਬੰਨਿ੍ਹਆ-ਸੁਭਾਸ਼ ਸ਼ਰਮਾ <br/>
ਅਜੀਤ ਡੈਸਕ
07-05-2026
ਜਲੰਧਰ, 6 ਮਈ-ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਅਸਾਮ, ਪੱਛਮੀ ਬੰਗਾਲ ਤੇ ਪੁੱਡੂਚੇਰੀ ਵਿਚ ਪਾਰਟੀ ਦੀ ਇਤਿਹਾਸਕ ਜਿੱਤ ਲਈ ਪਾਰਟੀ ਦੇ ਆਗੂਆਂ, ਵਰਕਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਇਤਿਹਾਸਕ ਜਿੱਤ ਨੇ ਪੰਜਾਬ ਦੇ ਵਰਕਰਾਂ ਵਿਚ ਨਵਾਂ ਜੋਸ਼ ਪੈਦਾ ਕਰ ਦਿੱਤਾ ਹੈ ਤੇ ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਨਾਲ ਪਾਰਟੀ ਵਰਕਰਾਂ ਦੀ ਮਿਹਨਤ ਕਰਕੇ ਪੱਛਮੀ ਬੰਗਾਲ ਵਿਚ ਪਹਿਲੀ ਵਾਰ ਆਪਣੇ ਬਲਬੂਤੇ ਸਰਕਾਰ ਬਣਾਉਣ ਜਾ ਰਹੀ ਹੈ ਤੇ ਉਸੇ ਤਰ੍ਹਾਂ ਨਾਲ ਪੰਜਾਬ ਵਿਚ ਵੀ ਪਾਰਟੀ ਵਰਕਰ ਆਪਣੀ ਮਿਹਨਤ ਨਾਲ 2027 ਵਿਚ ਬਹੁਮਤ ਨਾਲ ਆਪਣੀ ਸਰਕਾਰ ਬਣਾਉਣਗੇ | 'ਅਜੀਤ ਭਵਨ' ਵਿਚ ਗੱਲਬਾਤ ਕਰਦਿਆਂ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਵਿਚ ਦੇਸ਼ ਵਿਚ ਇਕ ਰਾਜ ਤੋਂ ਦੂਜੇ ਰਾਜ ਵਿਚ ਪਾਰਟੀ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ ਸਗੋਂ ਭਾਜਪਾ ਸ਼ਾਸਿਤ ਰਾਜਾਂ ਵਿਚ ਬਿਹਤਰ ਕਾਰਗੁਜ਼ਾਰੀ ਕਾਰਨ ਲੋਕ ਭਾਜਪਾ ਦੀਆਂ ਨੀਤੀਆਂ ਨੂੰ ਭਰਵਾਂ ਸਮਰਥਨ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਤਾਮਿਲਨਾਡੂ ਵਿਚ ਪਾਰਟੀ ਨੂੰ ਐਨਾ ਸਮਰਥਨ ਨਹੀਂ ਮਿਲਿਆ ਪਰ ਕੇਰਲ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਂਦੇ ਹੋਏ ਉਸ ਨੇ ਪ੍ਰਭਾਵਸ਼ਾਲੀ ਢੰਗ ਨਾਲ ਖਾਤਾ ਖੋਲਿ੍ਹਆ ਹੈ | ਪੱਛਮੀ ਬੰਗਾਲ ਵਿਚ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਹੋਣ ਕਰਕੇ ਹੀ ਇਕ ਵੱਡੀ ਜਿੱਤ ਹਾਸਲ ਹੋਈ ਹੈ | ਉਨ੍ਹਾਂ ਕਿਹਾ ਕਿ ਭਾਜਪਾ ਪੱਛਮੀ ਬੰਗਾਲ ਨੂੰ ਸੁਨਹਿਰਾ ਬੰਗਾਲ ਬਣਾਉਣ ਲਈ ਕੋਈ ਕਸਰ ਨਹੀਂ ਰਹਿਣ ਦੇਵੇਗੀ | ਟੀ. ਐਮ. ਸੀ. ਵਲੋਂ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਬਾਰੇ ਲਗਾਏ ਗਏ ਦੋਸ਼ਾਂ ਬਾਰੇ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਹੁਣ ਗੱਲ ਆਮ ਹੋ ਚੁੱਕੀ ਹੈ ਜਦੋਂ ਵਿਰੋਧੀ ਪਾਰਟੀਆਂ ਜਿੱਤ ਹਾਸਲ ਕਰਦੀਆਂ ਹਨ ਤਾਂ ਉਸ ਵੇਲੇ ਈ. ਵੀ. ਐਮ. ਠੀਕ ਹੁੰਦੀ ਹੈ ਤੇ ਜਦੋਂ ਉਹ ਕਿਸੇ ਰਾਜ ਵਿਚ ਹਾਰ ਜਾਂਦੀਆਂ ਹਨ ਤਾਂ ਉਨਾਂ ਨੂੰ ਈ. ਵੀ. ਐਮ. ਨੂੰ ਦੋਸ਼ੀ ਠਹਿਰਾਉਣ ਲੱਗ ਜਾਂਦੀਆਂ ਹਨ | ਪੱਛਮੀ ਬੰਗਾਲ ਦੀ ਜਿੱਤ ਦਾ ਪੰਜਾਬ 'ਤੇ ਅਸਰ ਪੈਣ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ ਤੋਂ ਬਾਅਦ ਹੁਣ ਸੁਸ਼ਾਸਨ ਦੇਣ ਲਈ ਪੰਜਾਬ ਤਿਆਰ ਹੈ | 2027 ਵਿਚ ਚੋਣਾਂ ਬਾਰੇ ਪੱੁਛੇ ਸਵਾਲ 'ਤੇ ਡਾ. ਸੁਭਾਸ਼ ਸ਼ਰਮਾ ਨੇ ਦਾਅਵਾ ਕੀਤਾ ਕਿ ਅਗਲੇ ਸਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਸਰਕਾਰ ਬਣਾਏਗੀ ਜਦਕਿ ਕਾਂਗਰਸ ਤੇ ਅਕਾਲੀ ਦਲ ਪਾਰਟੀਆਂ ਦਾ ਆਧਾਰ ਖ਼ਤਮ ਹੋਵੇਗਾ ਤੇ ਮੁੱਖ ਲੜਾਈ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਕਾਰ ਹੋਵੇਗੀ | ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਭਾਜਪਾ ਵਰਕਰਾਂ ਨੇ ਮਮਤਾ ਬੈਨਰਜੀ ਦੇ ਕੁਸ਼ਾਸਨ ਵਾਲੀ ਸਰਕਾਰ ਖ਼ਿਲਾਫ਼ ਲੰਬੀ ਲੜਾਈ ਹੈ ਤੇ ਉਸ ਤੋਂ ਬਾਅਦ ਪਾਰਟੀ ਵਰਕਰਾਂ ਵਿਚ ਭਾਰੀ ਜੋਸ਼ ਹੈ ਜਿਸ ਕਰਕੇ ਹੁਣ ਪਾਰਟੀ ਆਉਣ ਵਾਲੇ 8 ਮਹੀਨਿਆਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਭਿ੍ਸ਼ਟਾਚਾਰ, ਕਾਨੂੰਨ ਵਿਵਸਥਾ, ਕੁਸ਼ਾਸਨ, ਰੇਤ ਮਾਫ਼ੀਆ, ਗੈਂਗਸਟਰਵਾਦ ਖ਼ਿਲਾਫ਼ ਸੜਕਾਂ 'ਤੇ ਉਤਰ ਕੇ ਲੜਾਈ ਲੜੇਗੀ ਤੇ ਪੰਜਾਬ ਵਿਚ ਪਹਿਲੀ ਵਾਰ ਆਪਣੀ ਸਰਕਾਰ ਬਣਾਏਗੀ | ਕਾਂਗਰਸ ਦੀ ਹੋ ਰਹੀ ਹਾਰ ਬਾਰੇ ਸੁਭਾਸ਼ ਸ਼ਰਮਾ ਨੇ ਰਾਹੁਲ ਗਾਂਧੀ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਪਾਰਟੀ ਅਜੇ ਵੀ ਗਾਂਧੀ ਪਰਿਵਾਰ ਤੋਂ ਬਾਹਰ ਨਹੀਂ ਨਿਕਲ ਰਹੀ | ਉਨ੍ਹਾਂ ਕਿਹਾ ਕਿ ਦੇਸ਼ ਹੌਲੀ-ਹੌਲੀ ਕਾਂਗਰਸ ਮੁਕਤ ਵੱਲ ਵਧ ਰਿਹਾ ਹੈ |