08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਹਿਰ ਦੀ ਗਰਮੀ ਲੋਕਾਂ ਦੇ ਨਾਲ ਪਾਵਰਕਾਮ ਦੇ ਵੀ ਛੁਡਾਏਗੀ ਪਸੀਨੇ <br/>

ਅਜੀਤ ਡੈਸਕ 20-04-2026

ਜਲੰਧਰ, 19 ਅਪ੍ਰੈਲ (ਸ਼ਿਵ ਸ਼ਰਮਾ)-ਪਿਛਲੇ ਸਾਲਾਂ ਦੇ ਮੁਕਾਬਲੇ ਪਾਵਰਕਾਮ ਦੇ ਫਰਵਰੀ, ਮਾਰਚ ਅਤੇ ਅਪ੍ਰੈਲ ਦਾ ਕੁੱਝ ਸਮਾਂ ਮੌਸਮ ਠੰਢਾ ਰਹਿਣ ਕਰਕੇ ਬਿਜਲੀ ਦੀ ਮੰਗ ਵਧਣ ਦੀ ਥਾਂ ਰਿਕਾਰਡ ਕਮੀ ਆ ਗਈ ਸੀ, ਜਿਸ ਕਰਕੇ ਪਾਵਰਕਾਮ ਨੇ ਇਸ ਬਾਰੇ ਨਾ ਸਿਰਫ਼ ਸੁੱਖ ਦਾ ਸਾਹ ਲਿਆ ਸਗੋਂ ਉਸ ਦੇ ਦੋ ਮਹੀਨੇ ਦੇ ਬਿਜਲੀ ਖ਼ਰੀਦ ਬਿੱਲ ਵਿਚ ਵੀ ਭਾਰੀ ਕਮੀ ਆਈ, ਪਰ ਹੁਣ ਅਪ੍ਰੈਲ ਮਹੀਨੇ ਦੇ ਰਹਿ ਗਏ ਦਿਨਾਂ ਤੋਂ ਲੈ ਕੇ ਜੂਨ 'ਚ ਗਰਮੀ ਦਾ ਪ੍ਰਕੋਪ ਵਧਣ ਦੀ ਭਵਿੱਖਬਾਣੀ ਮੌਸਮ ਮਾਹਿਰਾਂ ਵਲੋਂ ਕੀਤੀ ਗਈ ਹੈ | ਪੰਜਾਬ ਵਿਚ ਇਸ ਦਾ ਅਸਰ ਤਾਂ ਦੇਖਣ ਨੂੰ ਮਿਲ ਰਿਹਾ ਹੈ ਸਗੋਂ ਉੱਤਰ ਪ੍ਰਦੇਸ਼ ਸਮੇਤ ਹੋਰ ਰਾਜਾਂ ਵਿਚ ਤਾਪਮਾਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਮੌਸਮ ਮਾਹਿਰਾਂ ਨੇ ਆਉਣ ਵਾਲੇ ਦਿਨਾਂ 'ਚ ਤਾਪਮਾਨ ਵਧਣ ਦੀ ਜਿਹੜੀ ਸ਼ੰਕਾ ਜ਼ਾਹਿਰ ਕੀਤੀ ਹੈ, ਉਸ ਨਾਲ ਲੋਕਾਂ ਦੇ ਹੁਣ ਤੋਂ ਹੀ ਪਸੀਨੇ ਨਿਕਲਣ ਲੱਗ ਗਏ ਹਨ ਤੇ ਨਾਲ ਹੀ ਪਾਵਰਕਾਮ ਲਈ ਵੀ ਬਿਜਲੀ ਦੀ ਮੰਗ ਪੂਰੀ ਕਰਨੀ ਆਸਾਨ ਨਹੀਂ ਹੋਵੇਗੀ | ਹੁਣ ਤੱਕ ਬਿਜਲੀ ਦੀ ਮੰਗ 7200 ਮੈਗਾਵਾਟ ਦੇ ਕਰੀਬ ਚੱਲ ਰਹੀ ਹੈ ਤੇ ਵਧ ਰਹੀ ਗਰਮੀ ਨੂੰ ਦੇਖਦੇ ਹੋਏ ਜੇਕਰ ਮਈ ਮਹੀਨੇ 'ਚ ਇਹ ਮੰਗ 10,000 ਮੈਗਾਵਾਟ ਨੂੰ ਵੀ ਛੂਹ ਲਏਗੀ ਤਾਂ ਕੋਈ ਹੈਰਾਨਗੀ ਨਹੀਂ ਹੋਵੇਗੀ | ਸੂਬੇ ਵਿਚ ਪਾਵਰਕਾਮ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਥਰਮਲ ਪਲਾਂਟਾਂ ਤੋਂ 6600 ਮੈਗਾਵਾਟ ਦੇ ਕਰੀਬ ਬਿਜਲੀ ਪ੍ਰਾਪਤ ਹੁੰਦੀ ਹੈ ਜਦਕਿ 9000 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਉਹ ਬਾਹਰੋਂ ਖ਼ਰੀਦ ਕੇ ਸਪਲਾਈ ਕਰਦਾ ਹੈ | ਪਾਵਰਕਾਮ ਨੇ ਚਾਹੇ ਝੋਨੇ ਦੇ ਸੀਜ਼ਨ 'ਚ ਵੀ ਬਿਜਲੀ ਖ਼ਰੀਦ ਦੇ ਪ੍ਰਬੰਧ ਪੂਰੇ ਕੀਤੇ ਹਨ ਪਰ ਇਸ ਵਾਰ ਜ਼ਿਆਦਾ ਗਰਮੀ ਅਤੇ ਗੈਸ ਦੀ ਕਮੀ ਕਾਰਨ ਇੰਡਕਸ਼ਨ ਚੁੱਲਿਆਂ ਦੀ ਜ਼ਿਆਦਾ ਵਰਤੋਂ ਵੀ ਪਾਵਰਕਾਮ ਦੀਆਂ ਧੜਕਣਾਂ ਤੇਜ਼ ਕਰਨ ਵਾਲੀ ਹੈ | ਉਧਰ ਹੁਣ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਸੂਰਜੀ ਊਰਜਾ ਨੂੰ ਪ੍ਰਫੁੱਲਿਤ ਕਰਨ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਤੇ ਆਉਣ ਵਾਲੇ ਸਮੇਂ ਵਿਚ ਸੂਰਜੀ ਬਿਜਲੀ ਦੀ ਖਪਤ 3500 ਮੈਗਾਵਾਟ ਤੱਕ ਹੋਣ ਦੀ ਸੰਭਾਵਨਾ ਹੈ | ਹੁਣ ਤੱਕ ਸੂਬੇ 'ਚ 3000 ਮੈਗਾਵਾਟ ਦੇ ਕਰੀਬ ਸੂਰਜੀ ਬਿਜਲੀ ਦੀ ਖਪਤ ਹੁੰਦੀ ਹੈ ਜਦਕਿ ਆਉਣ ਵਾਲੇ ਸਮੇਂ ਵਿਚ ਇਸ ਦੇ 3500 ਮੈਗਾਵਾਟ ਤੱਕ ਪੁੱਜ ਜਾਣ ਦੀ ਸੰਭਾਵਨਾ ਹੈ ਕਿਉਂਕਿ ਪਾਵਰਕਾਮ ਵਲੋਂ 500 ਮੈਗਾਵਾਟ ਸੂਰਜੀ ਬਿਜਲੀ ਖ਼ਰੀਦ ਲਈ ਜਿਹੜਾ ਟੈਂਡਰ ਲਗਾਇਆ ਸੀ, ਉਸ ਦੇ ਸਿਰੇ ਚੜ੍ਹਨ ਦੀ ਸੰਭਾਵਨਾ ਹੈ | ਬਿਜਲੀ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ 'ਚ ਬਿਜਲੀ ਉਤਪਾਦਨ 'ਚ ਸੂਰਜੀ ਬਿਜਲੀ ਦੀ ਵੀ ਵੱਡੀ ਭੂਮਿਕਾ ਹੋਵੇਗੀ |

ਪਿਛਲੀ ਖ਼ਬਰ ਵਿਧਵਾ ਅਤੇ ਨਿਆਸ਼ਰਿਤ ਔਰਤਾਂ ਲਈ 102 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ-ਡਾ. ਬਲਜੀਤ ਕੌਰ <br/> ਅਗਲੀ ਖ਼ਬਰ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।