10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਬਾਪੂ ਤਰਸੇਮ ਸਿੰਘ ਨੇ ਪੰਥਕ ਏਕਤਾ ਨੂੰ ਸਮੇਂ ਦੀ ਲੋੜ ਦੱਸਿਆ

ਅਜੀਤ ਡੈਸਕ 15-04-2026

ਤਲਵੰਡੀ ਸਾਬੋ, 14 ਅਪ੍ਰੈਲ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ)-ਕੌਮੀ ਸੁਰੱਖਿਆ ਐਕਟ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਵਿਸਾਖੀ ਜੋੜ ਮੇਲੇ ਮੌਕੇ ਕਰਵਾਈ ਰਾਜਸੀ ਕਾਨਫ਼ਰੰਸ 'ਚ ਵੱਡੇ ਇਕੱਠ ਨੇ ਸੂਬੇ ਅੰਦਰ ਨਵੇਂ ਸਿਆਸੀ ਸਮੀਕਰਨ ਬਣਨ ਦੇ ਸੰਕੇਤ ਦੇ ਦਿੱਤੇ ਹਨ, ਜਦੋਂਕਿ ਕਾਨਫ਼ਰੰਸ 'ਚ ਸ਼ਾਮਿਲ ਬਹੁਤੇ ਬੁਲਾਰਿਆਂ ਨੇ 2027 'ਚ ਪੰਥਕ ਸਰਕਾਰ ਬਣਾਉਣ ਲਈ ਸਮੁੱਚੀਆਂ ਪੰਥਕ ਧਿਰਾਂ ਨੂੰ ਇੱਕ ਮੰਚ 'ਤੇ ਲਿਆਉਣ ਬਾਰੇ ਗੱਲ ਕੀਤੀ | ਕਾਨਫ਼ਰੰਸ ਦੌਰਾਨ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਰੈਲੀ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮੌਜੂਦਾ ਲੀਡਰਸ਼ਿਪ 'ਤੇ ਸੰਗੀਨ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਪੰਥ ਜਿਸ ਸੰਕਟ ਦੀ ਘੜੀ 'ਚੋਂ ਲੰਘ ਰਿਹੈ ਉਸ ਨੂੰ ਇਸ ਹਾਲਤ 'ਚ ਪਹੁੰਚਾਉਣ ਲਈ ਇੱਕ ਪਰਿਵਾਰ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਉਹ ਇਸ ਕੋਸ਼ਿਸ਼ ਵਿਚ ਹਨ ਕਿ ਪੰਥਕ ਹਿਤਾਂ ਦੀ ਗੱਲ ਕਰਨ ਵਾਲੀਆਂ ਸਾਰੀਆਂ ਧਿਰਾਂ ਨੂੰ ਇੱਕ ਮੰਚ 'ਤੇ ਲਿਆਉਣ | ਆਪਣੇ ਸੰਬੋਧਨ ਵਿਚ ਮਰਹੂਮ ਆਗੂ ਸੰਦੀਪ ਸਿੰਘ 'ਦੀਪ ਸਿੱਧੂ' ਦੇ ਭਰਾ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਦੀਪ ਸਿੱਧੂ ਵਲੋਂ ਨੌਜਵਾਨਾਂ 'ਚ ਜਗਾਏ ਜਜ਼ਬੇ ਨੂੰ ਭਾਈ ਅੰਮਿ੍ਤਪਾਲ ਸਿੰਘ ਨੇ ਅੱਗੇ ਤੋਰਿਆ, ਜਿਸ ਦਾ ਮੁੱਲ ਉਹ ਤਾਰ ਰਹੇ ਹਨ | ਚਰਚਿਤ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਇਸ ਮੌਕੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਬਣਨ 'ਤੇ ਪੰਜਾਬ 'ਚ ਬਾਹਰਲੇ ਬਾਸ਼ਿੰਦਿਆਂ ਦੇ ਜ਼ਮੀਨ ਖ਼ਰੀਦਣ 'ਤੇ ਪਾਬੰਦੀ ਲਾਵਾਂਗੇ | ਸੰਗਤਾਂ ਨੂੰ ਸੰਬੋਧਨ ਦੌਰਾਨ ਫ਼ਰੀਦਕੋਟ ਤੋਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਰਕਾਰ ਤੇ ਏਜੰਸੀਆਂ ਉਨ੍ਹਾਂ 'ਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ | ਉਨ੍ਹਾਂ ਐਲਾਨ ਕੀਤਾ ਕਿ 2027 ਵਿਧਾਨ ਸਭਾ ਚੋਣਾਂ ਭਾਈ ਅੰਮਿ੍ਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਲੜੀਆਂ ਜਾਣਗੀਆਂ | ਅੰਤ 'ਚ ਆਪਣੇ ਸੰਬੋਧਨ 'ਚ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਨੇ ਮੌਜੂਦਾ 'ਆਪ' ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਦਾ ਕਸੂਰ ਸਿਰਫ਼ ਇੰਨ੍ਹਾਂ ਹੈ ਕਿ ਉਸ ਨੇ ਸਿੱਖ ਜਵਾਨੀ ਨੂੰ ਨਸ਼ੇ ਛੱਡਕੇ ਸਿੱਖੀ ਦੇ ਰਾਹ ਪਾਉਣ ਦੇ ਯਤਨ ਕੀਤੇ | ਇਸ ਮੌਕੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬੀਬੀ ਸੰਦੀਪ ਕੌਰ, ਭਾਈ ਕਰਮਜੀਤ ਸਿੰਘ ਸੁਨਾਮ, ਬਾਬੂ ਸਿੰਘ ਬਰਾੜ, ਐਡਵੋਕੇਟ ਈਮਾਨ ਸਿੰਘ ਖਾਰਾ, ਤਰਨਾ ਦਲ (ਅਰਬਾਂ ਖਰਬਾਂ) ਦੇ ਬਾਬਾ ਰਾਜਾਰਾਜ ਸਿੰਘ, ਐਡਵੋਕੇਟ ਹਰਪਾਲ ਸਿੰਘ ਖਾਰਾ, ਜਗਸੀਰ ਸਿੰਘ ਸ਼ੇਰਗੜ੍ਹ, ਡਾ: ਪ੍ਰਗਟ ਸਿੰਘ ਵਿਰਕ, ਕਾਬਲ ਸਿੰਘ, ਪਿ੍ਥੀਪਾਲ ਸਿੰਘ, ਅਮਰਜੀਤ ਸਿੰਘ ਵੰਨਚਿੜੀ, ਗੁਰਿੰਦਰ ਸਿੰਘ ਖੇੜੀਵਾਲਾ, ਚਮਕੌਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਬਠਿੰਡਾ, ਕੁਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ, ਪ੍ਰਗਟ ਸਿੰਘ ਜੱਲੂਪੁਰ, ਜਸਵਿੰਦਰ ਸਿੰਘ ਡਰੋਲੀ, ਬੀਬੀ ਰਜਵੰਤ ਕੌਰ ਘੜਾਮ, ਪ੍ਰਦੀਪ ਸਿੰਘ ਸੋਨੀ ਬਾਬਾ, ਰਾਜੂ ਭਾਗੀਵਾਂਦਰ ਆਦਿ ਮੌਜੂਦ ਸਨ | ਸਟੇਜ ਦੀ ਕਾਰਵਾਈ ਪਰਮਜੀਤ ਸਿੰਘ ਜੌਹਲ ਅਤੇ ਕੁਲਦੀਪ ਸਿੰਘ ਗੋਸਲ ਨੇ ਨਿਭਾਈ |

ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼-ਸਵ. ਬਲਬੀਰ ਕੌਰ ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਸਿਵੀਆ ਨੂੰ ੂ ਸਦਮਾ-ਪਤਨੀ ਦਾ ਦਿਹਾਂਤ, ਅੰਤਿਮ ਸਸਕਾਰ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।