27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸਰਪੰਚ ਵਲੋਂ 2 ਦਲਿਤ ਪਰਿਵਾਰਾਂ ਦੇ ਘਰ ਦਾ ਸਾਮਾਨ ਪੈਟਰੋਲ ਪਾ ਕੇ ਸਾੜਿਆ <br/>

ਅਜੀਤ ਡੈਸਕ 02-04-2026

ਫਤਿਆਬਾਦ, 1 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਨਜ਼ਦੀਕੀ ਪਿੰਡ ਵੇਈਾਪੂਈ ਵਿਖੇ ਪਿੰਡ ਦੇ ਮੌਜੂਦਾ ਸਰਪੰਚ ਵਲੋਂ ਕਿਸੇ ਗੱਲ ਨੂੰ ਲੈ ਕੇ ਪਿੰਡ ਦੇ ਹੀ 2 ਦਲਿਤ ਪਰਿਵਾਰਾਂ ਦੇ ਘਰ ਵਿਚ ਜਾ ਕੇ ਪੈਟਰੋਲ ਪਾ ਕੇ ਉਨ੍ਹਾਂ ਦਾ ਸਮਾਨ ਸਾੜ ਦਿੱਤਾ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸ.ਪੀ. (ਹੈੱਡਕੁਆਟਰ) ਸੁਖਮਨਿੰਦਰ ਸਿੰਘ, ਐੱਸ.ਡੀ.ਐੱਮ. ਸੰਜੀਵ ਸ਼ਰਮਾ ਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ | ਇਸ ਸੰਬੰਧ ਵਿਚ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਪੀੜਤ ਪਰਿਵਾਰਾਂ ਦੇ ਬਿਆਨ ਕਲਮਬੱਧ ਕਰਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਸਰਪੰਚ ਸਮੇਤ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਗੱਲਬਾਤ ਕਰਦਿਆਂ ਪੀੜਤ ਦਲਬੀਰ ਕੌਰ ਨੇ ਦੱਸਿਆ ਕਿ ਉਹ ਪਿੰਡ ਵਿਚ ਆਪਣੇ ਲੜਕੇ ਲਵਪ੍ਰੀਤ ਸਿੰਘ ਨਾਲ ਰਹਿੰਦੀ ਹੈ | ਬੀਤੀ ਦੇਰ ਸ਼ਾਮ ਨੂੰ ਉਹ ਘਰ ਵਿਚ ਇਕੱਲੀ ਸੀ ਕਿ ਉਸ ਦੇ ਘਰ ਬਲਦੇਵ ਸਿੰਘ ਗੋਰਾ ਸਰਪੰਚ, ਸੁਖਵਿੰਦਰ ਸਿੰਘ ਸੁੱਖਾ, ਗੁਰਬੰਸ ਸਿੰਘ ਗੰਜੀ, ਜੋਬਨਜੀਤ ਸਿੰਘ, ਆਲੂ ਸਮੇਤ 3-4 ਅਣਪਛਾਤੇ ਵਿਅਕਤੀ ਹਥਿਆਰਾਂ ਸਮੇਤ ਦਾਖਲ ਹੋਏ | ਪਹਿਲਾਂ ਤਾਂ ਸਰਪੰਚ ਨੇ ਲਵਪ੍ਰੀਤ ਸਿੰਘ ਬਾਰੇ ਪੁੱਛਿਆ ਜੋ ਘਰ ਵਿਚ ਮੌਜੂਦ ਨਹੀਂ ਸੀ | ਇਸ ਦੌਰਾਨ ਸਰਪੰਚ ਬਲਦੇਵ ਸਿੰਘ ਉਰਫ ਗੋਰਾ ਦੇ ਕਹਿਣ 'ਤੇ ਉਨ੍ਹਾਂ ਨਾਲ ਆਏ ਵਿਅਕਤੀਆਂ ਨੇ ਜਬਰਦਸਤੀ ਉਸਦੇ ਮਕਾਨ ਦੇ ਕਮਰਿਆਂ ਵਿਚ ਦਾਖਲ ਹੋ ਕੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਤੇ ਬਾਕੀ ਸਮਾਨ ਦੀ ਭੰਨਤੋੜ ਕਰਦੇ ਹੋਏ ਫ਼ਰਾਰ ਹੋ ਗਏ | ਦਲਬੀਰ ਕੌਰ ਨੇ ਦੱਸਿਆ ਕਿ ਉਸਨੂੰ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਪਿੰਡ ਵਿਚ ਸੁਖਦੇਵ ਸਿੰਘ ਉਰਫ ਸੋਨੂੰ ਪੁੱਤਰ ਸ਼ਿੰਗਾਰਾ ਸਿੰਘ ਦੇ ਘਰ ਵਿਚ ਦਾਖਲ ਹੋ ਕੇ ਵੀ ਅੱਗ ਲਗਾਈ ਹੈ | ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਲੜਕੇ ਲਵਪ੍ਰੀਤ ਸਿੰਘ ਅਤੇ ਸਰਪੰਚ ਬਲਦੇਵ ਸਿੰਘ ਗੋਰਾ ਵਿਚਕਾਰ ਮਾਮੂਲੀ ਝਗੜਾ ਹੋਇਆ ਸੀ, ਜਿਸ ਦੀ ਰੰਜਿਸ਼ ਕਰਕੇ ਗੋਰਾ ਸਰਪੰਚ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਘਰ ਵਿਚ ਅੱਗ ਲਗਾਈ ਹੈ | ਇਸ ਸੰਬੰਧ ਵਿਚ ਮੌਕੇ 'ਤੇ ਪਹੁੰਚੇ ਐੱਸ.ਪੀ. ਸੁਖਮਨਿੰਦਰ ਸਿੰਘ, ਡੀ.ਐੱਸ.ਪੀ. ਅਤੁਲ ਸੋਨੀ, ਐੱਸ.ਐੱਚ.ਓ. ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਕਤ ਸਰਪੰਚ ਬਲਦੇਵ ਸਿੰਘ ਗੋਰਾ ਅਤੇ ਉਸਦੇ ਪੰਜ ਹੋਰ ਸਾਥੀਆਂ ਤੋਂ ਇਲਾਵਾ 2-3 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਘਟਨਾ ਦਾ ਪਤਾ ਚੱਲਣ 'ਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਪੀੜਤਾਂ ਦੇ ਘਰ ਪਹੁੰਚੇ | ਇਸ ਘਟਨਾ ਸੰਬੰਧੀ ਐੱਸ.ਡੀ.ਐੱਮ. ਖਡੂਰ ਸਾਹਿਬ ਸੰਜੀਵ ਕੁਮਾਰ ਸ਼ਰਮਾ ਨੇ ਜਾਇਜ਼ਾ ਲਿਆ ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ | ਇਸ ਮੌਕੇ ਤਹਿਸੀਲਦਾਰ ਖਡੂਰ ਸਾਹਿਬ ਲਛਮਣ ਸਿੰਘ ਤੇ ਹੋਰ ਅਧਿਕਾਰੀ ਉਨ੍ਹਾਂ ਦੇ ਨਾਲ ਸਨ |

ਪਿਛਲੀ ਖ਼ਬਰ ਤੇਜਵੀਰ ਸਿੰਘ ਕੇਂਦਰ 'ਚ ਕੈਮੀਕਲਜ਼ ਤੇ ਪੈਟਰੋਕੈਮੀਕਲਜ਼ ਦੇ ਸਕੱਤਰ ਬਣੇ <br/> ਅਗਲੀ ਖ਼ਬਰ ਬੇਅਦਬੀ 'ਤੇ ਸਖ਼ਤ ਕਾਨੂੰਨ ਲਿਆਉਣ ਦੀ ਯੋਜਨਾ 'ਆਪ' ਦੀ ਵੋਟ-ਬੈਂਕ ਰਣਨੀਤੀ-ਕੇਂਦਰੀ ਸਿੰਘ ਸਭਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।