ਅੰਮਿ੍ਤਸਰ, 1 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਚੀਨ ਨੇ ਈਰਾਨ-ਅਮਰੀਕਾ ਜੰਗਬੰਦੀ ਲਈ ਇਕ ਨਵਾਂ ਪੰਜ-ਨੁਕਾਤੀ ਪ੍ਰਸਤਾਵ ਪੇਸ਼ ਕੀਤਾ ਹੈ | ਪ੍ਰਸਤਾਵ 'ਚ ਤੁਰੰਤ ਜੰਗਬੰਦੀ, ਦੋਵਾਂ ਧਿਰਾਂ ਵਿਚਕਾਰ ਗੱਲਬਾਤ ਸ਼ੁਰੂ ਕਰਨ, ਇਕ ਦੂਜੇ ਦੇ ਬੁਨਿਆਦੀ ਢਾਂਚੇ 'ਤੇ ਹਮਲਿਆਂ ਨੂੰ ਰੋਕਣ, ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਣ ਅਤੇ ਸੰਯੁਕਤ ਰਾਸ਼ਟਰ ਦੇ ਸਮਰਥਨ ਨਾਲ ਇਕ ਸ਼ਾਂਤੀ ਸਮਝੌਤੇ ਦੀ ਮੰਗ ਕੀਤੀ ਗਈ ਹੈ | ਹਾਲਾਂਕਿ, ਕਿਸੇ ਵੀ ਧਿਰ ਨੇ ਅਜੇ ਤੱਕ ਇਸ ਪ੍ਰਸਤਾਵ ਦਾ ਜਵਾਬ ਨਹੀਂ ਦਿੱਤਾ | ਈਰਾਨ ਪਹਿਲਾਂ ਹੀ ਪਾਕਿ ਰਾਹੀਂ ਭੇਜੇ ਗਏ ਅਮਰੀਕਾ ਦੇ 15-ਨੁਕਾਤੀ ਪ੍ਰਸਤਾਵ ਨੂੰ ਰੱਦ ਕਰ ਚੁੱਕਾ ਹੈ | ਉਦੋਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਪ੍ਰਸਤਾਵ 'ਤੇ ਕੋਈ ਠੋਸ ਪ੍ਰਗਤੀ ਨਹੀਂ ਹੋਈ | ਪਾਕਿਸਤਾਨੀ ਵਿਦੇਸ਼ ਦਫ਼ਤਰ ਵਲੋਂ ਜਾਰੀ ਬਿਆਨ ਦੇ ਅਨੁਸਾਰ ਜੰਗਬੰਦੀ ਸੰਬੰਧੀ ਗੱਲਬਾਤ ਲਈ ਬਣਾਈ ਕੇਂਦਰੀ ਕਮੇਟੀ ਦੇ ਰਾਜਨੀਤਿਕ ਬਿਊਰੋ ਦੇ ਮੈਂਬਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਨੇ 31 ਮਾਰਚ ਨੂੰ ਬੀਜਿੰਗ 'ਚ ਖਾੜੀ ਅਤੇ ਮੱਧ ਪੂਰਬ ਖੇਤਰ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਮੁਲਾਕਾਤ ਕੀਤੀ | ਮੀਟਿੰਗ ਦੌਰਾਨ ਚੀਨ ਅਤੇ ਪਾਕਿ ਵਲੋਂ ਪੇਸ਼ ਕੀਤੇ 5-ਨੁਕਾਤੀ ਜੰਗਬੰਦੀ ਪ੍ਰਸਤਾਵ ਵਿਚ ਤੁਰੰਤ ਜੰਗਬੰਦੀ ਅਤੇ ਟਕਰਾਅ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਯਤਨਾਂ ਦੀ ਮੰਗ ਕੀਤੀ ਗਈ | ਦੋਵੇਂ ਧਿਰਾਂ ਨੇ ਕਿਹਾ ਕਿ ਮਨੁੱਖੀ ਸਹਾਇਤਾ ਨੂੰ ਟਕਰਾਅ ਤੋਂ ਪ੍ਰਭਾਵਿਤ ਸਾਰੇ ਖੇਤਰਾਂ ਤੱਕ ਪਹੁੰਚਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ | ਈਰਾਨ ਅਤੇ ਖਾੜੀ ਦੇਸ਼ਾਂ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ, ਰਾਸ਼ਟਰੀ ਆਜ਼ਾਦੀ ਅਤੇ ਸੁਰੱਖਿਆ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ | ਟਕਰਾਵਾਂ ਨੂੰ ਹੱਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਹੀ ਇਕੋ ਇਕ ਵਿਹਾਰਕ ਵਿਕਲਪ ਹਨ | ਇਸ 5-ਨੁਕਾਤੀ ਜੰਗਬੰਦੀ ਪ੍ਰਸਤਾਵ ਮੁਤਾਬਿਕ ਚੀਨ ਅਤੇ ਪਾਕਿ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਵਿਚ ਸੰਬੰਧਿਤ ਧਿਰਾਂ ਦਾ ਸਮਰਥਨ ਕਰਦੇ ਹਨ, ਜਿਸ 'ਚ ਸਾਰੀਆਂ ਧਿਰਾਂ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਲਈ ਵਚਨਬੱਧ ਹਨ ਅਤੇ ਸ਼ਾਂਤੀ ਗੱਲਬਾਤ ਦੌਰਾਨ ਤਾਕਤ ਦੀ ਵਰਤੋਂ ਜਾਂ ਧਮਕੀ ਤੋਂ ਪਰਹੇਜ਼ ਕਰਦੀਆਂ ਹਨ |
ਚੀਨ ਤੇ ਪਾਕਿ ਬਣੇ ਈਰਾਨ-ਅਮਰੀਕਾ ਯੁੱਧ 'ਚ 'ਸ਼ਾਂਤੀ ਨਿਰਮਾਤਾ' <br/>
ਅਜੀਤ ਡੈਸਕ
02-04-2026