28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪੰਜਾਬ 'ਚ ਕੌਮੀ ਰਾਜਮਾਰਗਾਂ 'ਤੇ ਗੈਰਕਾਨੂੰਨੀ ਸ਼ਰਾਬ ਦੇ ਠੇਕੇ! <br/>

ਅਜੀਤ ਡੈਸਕ 02-04-2026
ਚੰਡੀਗੜ੍ਹ, 1 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)-ਪੰਜਾਬ 'ਚ ਕੌਮੀ ਅਤੇ ਸੂਬੇ ਦੇ ਰਾਜਮਾਰਗਾਂ ਦੇ ਕਿਨਾਰੇ ਗੈਰਕਾਨੂੰਨੀ ਤੌਰ 'ਤੇ ਚੱਲ ਰਹੀਆਂ ਸ਼ਰਾਬ ਦੀਆਂ ਦੁਕਾਨਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ | ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇ ਦੋਸ਼ ਸਹੀ ਪਾਏ ਗਏ ਤਾਂ ਇਹ ਨਾ ਸਿਰਫ਼ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਵੇਗੀ, ਸਗੋਂ ਆਮ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮਾਮਲਾ ਵੀ ਹੈ | ਬੁੱਧਵਾਰ ਨੂੰ ਚੀਫ਼ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ (ਪੱਛਮੀ) ਤਹਿਸੀਲ ਦੇ ਪਿੰਡ ਮੋਹਕਮ ਅਰਾਈਆਂ ਦੇ 25 ਸਾਲਾ ਮਨਜੀਤ ਸਿੰਘ ਵਲੋਂ ਦਾਇਰ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੂਬਾ ਸਰਕਾਰ ਨੂੰ ਅੱਠ ਹਫ਼ਤਿਆਂ ਦੇ ਅੰਦਰ ਵਿਸਥਾਰਪੂਰਵਕ ਹਲਫ਼ਨਾਮਾ ਦਾਖਲ ਕਰਨ ਦੇ ਹੁਕਮ ਦਿੱਤੇ | ਪਟੀਸ਼ਨਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਅਬੋਹਰ-ਫਾਜ਼ਿਲਕਾ-ਜਲਾਲਾਬਾਦ ਸਮੇਤ ਵੱਖ-ਵੱਖ ਰਾਜਮਾਰਗਾਂ ਦੇ ਕਿਨਾਰੇ 60 ਤੋਂ ਵੱਧ ਸ਼ਰਾਬ ਦੀਆਂ ਦੁਕਾਨਾਂ 500 ਮੀਟਰ ਦੇ ਪ੍ਰਤੀਬੰਧਿਤ ਦਾਇਰੇ ਵਿਚ ਚੱਲ ਰਹੀਆਂ ਹਨ | ਇਹ ਸਥਿਤੀ 2016 ਦੇ 'ਤਮਿਲਨਾਡੂ ਰਾਜ ਬਨਾਮ ਕੇ. ਬਾਲੂ' ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਇਤਿਹਾਸਕ ਫੈਸਲੇ ਦੀ ਖੁੱਲ੍ਹੀ ਉਲੰਘਣਾ ਹੈ ਜਿਸ 'ਚ ਰਾਜਮਾਰਗਾਂ ਦੇ ਨੇੜੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਗਏ ਸਨ | ਸੁਣਵਾਈ ਦੌਰਾਨ ਸੂਬੇ ਦੇ ਵਕੀਲ ਨੇ ਮੰਨਿਆ ਕਿ ਸੁਪਰੀਮ ਕੋਰਟ ਦੇ ਹੁਕਮ ਅਜੇ ਵੀ ਲਾਗੂ ਹਨ ਤੇ ਸੂਬੇ ਦੀ ਆਬਕਾਰੀ ਨੀਤੀ 'ਚ ਵੀ ਸ਼ਾਮਿਲ ਹਨ | ਇਸ 'ਤੇ ਬੈਂਚ ਨੇ ਕਿਹਾ ਕਿ ਇਹ ਮਾਮਲਾ ਜਨਹਿਤ ਨਾਲ ਜੁੜਿਆ ਗੰਭੀਰ ਮਸਲਾ ਹੈ ਤੇ ਸਰਕਾਰ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣੀ ਹੋਵੇਗੀ | ਅਦਾਲਤ ਨੇ ਅੱਠ ਹਫ਼ਤਿਆਂ 'ਚ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ ਅਤੇ ਮਾਮਲੇ ਦੀ ਅਗਲੀ ਸੁਣਵਾਈ ਨਿਰਧਾਰਿਤ ਸਮੇਂ ਤੋਂ ਬਾਅਦ ਹੋਵੇਗੀ |

ਪਿਛਲੀ ਖ਼ਬਰ — ਭਗਵੰਤ ਮਾਨ ਸਰਕਾਰ ਦੀ 'ਰੋਜ਼ਗਾਰ ਕ੍ਰਾਂਤੀ' — ਹਰਪਾਲ ਸਿੰਘ ਚੀਮਾ ਨੇ 11 ਜੂਨੀਅਰ ਆਡੀਟਰਾਂ ਨੂੰ ਸੌਂਪੇ ਨਿਯੁਕਤੀ ਪੱ... ਅਗਲੀ ਖ਼ਬਰ ਅਟਾਰੀ-ਵਾਹਗਾ ਸਰਹੱਦ 'ਤੇ ਹੋ ਰਹੀ ਰੀਟਰੀਟ ਸੈਰਾਮਨੀ ਦਾ ਸਮਾਂ ਤਬਦੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।