ਪਟਿਆਲਾ, 1 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਪੰਜਾਬ 'ਚ ਕੀਟਨਾਸ਼ਕਾਂ ਦੀ ਅੰਨੇ੍ਹਵਾਹ ਵਰਤੋਂ ਸ਼ਹਿਦ ਉਤਪਾਦਨ ਦੇ ਧੰਦੇ ਨੂੰ ਡੰਗ ਮਾਰਨ ਲੱਗੀ ਹੈ ਭਾਵੇਂ ਕਿ ਦੇਸ਼ ਪੱਧਰ 'ਤੇ ਸ਼ਹਿਦ ਉਤਪਾਦਨ 'ਚ ਪੰਜਾਬ ਤੀਜੇ ਸਥਾਨ 'ਤੇ ਹੈ | ਬਦਲਦੇ ਹਾਲਾਤਾਂ ਕਾਰਨ ਮਧੂ ਮੱਖੀ ਪ੍ਰਾਗਣ ਪ੍ਰਕਿ੍ਆ ਵਿਚ ਪੈਂਦੇ ਵਿਘਨ ਨੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ | ਤਾਜ਼ਾ ਅੰਕੜਿਆਂ ਅਨੁਸਾਰ ਸੂਬੇ 'ਚ ਸਾਲਾਨਾ ਕਰੀਬ 21,100 ਮੀਟਰਕ ਟਨ ਸ਼ਹਿਦ ਉਤਪਾਦਨ ਹੋ ਰਿਹਾ ਹੈ ਅਤੇ ਪੰਜਾਬ ਦੇਸ਼ ਦੇ ਕੁੱਲ ਉਤਪਾਦਨ ਵਿਚ ਲਗਭਗ 14.07 ਫ਼ੀਸਦੀ ਹਿੱਸਾ ਪਾਉਂਦਾ ਹੋਇਆ ਤੀਜੇ ਸਥਾਨ 'ਤੇ ਕਾਇਮ ਹੈ | ਸੂਬੇ ਵਿਚ ਇਸ ਵੇਲੇ ਕਰੀਬ 6 ਲੱਖ ਮਧੂ ਮੱਖੀ ਕਾਲੋਨੀਆਂ ਮੌਜੂਦ ਹਨ ਤੇ ਲਗਭਗ 5,000 ਤੋਂ 5,500 ਵਪਾਰਕ ਮਧੂਪਾਲਕ ਇਸ ਧੰਦੇ ਨਾਲ ਜੁੜੇ ਹੋਏ ਹਨ | ਇਸ ਖੇਤਰ ਨਾਲ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ ਤੇ ਇਹ ਖੇਤੀ ਨਾਲ ਜੁੜਿਆ ਇਕ ਮਹੱਤਵਪੂਰਨ ਸਹਾਇਕ ਧੰਦਾ ਮੰਨਿਆ ਜਾਂਦਾ ਹੈ | ਮੈਦਾਨੀ ਪੱਧਰ 'ਤੇ ਮਧੂਪਾਲਕਾਂ ਨੂੰ ਸਭ ਤੋਂ ਵੱਡੀ ਸਮੱਸਿਆ ਖੇਤਾਂ ਵਿਚ ਕੀਟਨਾਸ਼ਕਾਂ ਦੀ ਵੱਧ ਰਹੀ ਵਰਤੋਂ ਕਾਰਨ ਆ ਰਹੀ ਹੈ | ਇਸ ਨਾਲ ਮੱਖੀਆਂ ਦੀ ਮੌਤ ਦਰ ਵਿਚ ਵਾਧਾ ਹੋ ਰਿਹਾ ਹੈ ਅਤੇ ਕਈ ਥਾਵਾਂ 'ਤੇ ਕਾਲੋਨੀਆਂ ਨੂੰ ਨੁਕਸਾਨ ਪਹੁੰਚ ਰਿਹਾ ਹੈ | ਮੌਸਮੀ ਤਬਦੀਲੀਆਂ ਕਾਰਨ ਫੁੱਲਾਂ ਦੇ ਖਿੜਨ ਦੇ ਸਮੇਂ ਵਿਚ ਆਈ ਅਸਥਿਰਤਾ ਨਾਲ ਮੱਖੀਆਂ ਲਈ ਰਸ ਦੀ ਉਪਲਬਧਤਾ ਘੱਟ ਰਹੀ ਹੈ, ਜਿਸ ਨਾਲ ਉਤਪਾਦਨ 'ਤੇ ਅਸਰ ਪੈ ਰਿਹਾ ਹੈ | ਫ਼ਸਲੀ ਪੈਟਰਨ ਵਿਚ ਆਏ ਬਦਲਾਅ ਵੀ ਇਸ ਖੇਤਰ ਲਈ ਚੁਣੌਤੀ ਬਣੇ ਹੋਏ ਹਨ | ਝੋਨਾ-ਕਣਕ ਦੇ ਚੱਕਰ ਦੇ ਵਧਣ ਨਾਲ ਸਰ੍ਹੋਂ ਅਤੇ ਹੋਰ ਫੁੱਲਦਾਰ ਫ਼ਸਲਾਂ ਦਾ ਖੇਤਰ ਘਟਣ ਨਾਲ ਮਧੂ ਮੱਖੀ ਪਾਲਣ ਨੂੰ ਸਿੱਧਾ ਅਸਰ ਪਿਆ ਹੈ | ਮਧੂ ਪਾਲਕਾਂ ਅਨੁਸਾਰ ਇਸ ਨਾਲ ਮੱਖੀਆਂ ਲਈ ਖ਼ੁਰਾਕ ਦੀ ਘਾਟ ਪੈਦਾ ਹੋ ਰਹੀ ਹੈ, ਜਿਸ ਨਾਲ ਉਤਪਾਦਕਤਾ ਪ੍ਰਭਾਵਿਤ ਹੋ ਰਹੀ ਹੈ | ਇਸ ਤੋਂ ਇਲਾਵਾ ਮਧੂ ਮੱਖੀ ਪਾਲਣ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਮੱਖੀ ਬਾਕਸਾਂ ਨੂੰ ਇਕ ਥਾਂ ਤੋਂ ਦੂਜੇ ਥਾਂ ਲਿਜਾਉਣ ਦਾ ਖ਼ਰਚ ਵਧ ਗਿਆ ਹੈ, ਜਿਸ ਨਾਲ ਧੰਦੇ ਦੀ ਲਾਗਤ ਵਿਚ ਇਜ਼ਾਫਾ ਹੋਇਆ ਹੈ | ਵੈਰੋਆ ਮਾਈਟ ਵਰਗੀਆਂ ਬਿਮਾਰੀਆਂ ਵੀ ਮੱਖੀਆਂ ਲਈ ਵੱਡਾ ਖ਼ਤਰਾ ਬਣੀਆਂ ਹੋਈਆਂ ਹਨ ਅਤੇ ਇਸ ਨਾਲ ਕਾਲੋਨੀਆਂ ਦੀ ਸਿਹਤ 'ਤੇ ਅਸਰ ਪੈ ਰਿਹਾ ਹੈ | ਕੇਂਦਰ ਸਰਕਾਰ ਵਲੋਂ ਨੈਸ਼ਨਲ ਬੀ ਕੀਪਿੰਗ ਐਂਡ ਹਨੀ ਮਿਸ਼ਨ ਤਹਿਤ ਮਧੂ ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਟ੍ਰੇਨਿੰਗ ਅਤੇ ਸਹਾਇਤਾ ਦਿੱਤੀ ਜਾ ਰਹੀ ਹੈ, ਪਰ ਮਧੂਪਾਲਕਾਂ ਦਾ ਮੰਨਣਾ ਹੈ ਕਿ ਜ਼ਮੀਨੀ ਪੱਧਰ 'ਤੇ ਹੋਰ ਪ੍ਰਭਾਵਸ਼ਾਲੀ ਕਦਮਾਂ ਦੀ ਲੋੜ ਹੈ, ਖ਼ਾਸ ਕਰਕੇ ਕੀਟਨਾਸ਼ਕਾਂ ਦੀ ਵਰਤੋਂ 'ਤੇ ਨਿਯੰਤਰਨ ਅਤੇ ਮੱਖੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਨੀਤੀ ਬਣਾਉਣ ਦੀ ਜ਼ਰੂਰਤ ਹੈ | ਉਨ੍ਹਾਂ ਅਨੁਸਾਰ ਮਧੂ ਮੱਖੀ ਪਾਲਣ ਸਿਰਫ਼ ਸ਼ਹਿਦ ਤੱਕ ਸੀਮਤ ਨਹੀਂ, ਸਗੋਂ ਫ਼ਸਲਾਂ ਦੀ ਪਰਾਗਣ ਪ੍ਰਕਿਰਿਆ ਰਾਹੀਂ ਖੇਤੀ ਉਤਪਾਦਕਤਾ ਵਿਚ ਵੀ ਅਹਿਮ ਯੋਗਦਾਨ ਪਾਉਂਦਾ ਹੈ | ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਮਧੂ ਮੱਖੀ ਪਾਲਣ ਖੇਤਰ ਉਤਪਾਦਨ ਪੱਖੋਂ ਮਜ਼ਬੂਤ ਹੋਣ ਦੇ ਬਾਵਜੂਦ ਚੁਣੌਤੀਆਂ ਦੇ ਘੇਰੇ ਵਿਚ ਆ ਗਿਆ ਹੈ ਤੇ ਜੇਕਰ ਸਮੇਂ ਸਿਰ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਇਸ ਮਹੱਤਵਪੂਰਨ ਸਹਾਇਕ ਧੰਦੇ ਦੀ ਰਫ਼ਤਾਰ ਪ੍ਰਭਾਵਿਤ ਹੋ ਸਕਦੀ ਹੈ |
ਪੰਜਾਬ 'ਚ ਕੀਟਨਾਸ਼ਕਾਂ ਦੀ ਅੰਨੇ੍ਹਵਾਹ ਵਰਤੋਂ ਸ਼ਹਿਦ ਉਤਪਾਦਨ ਦੇ ਧੰਦੇ ਨੂੰ ਮਾਰਨ ਲੱਗੀ ਡੰਗ <br/>
ਅਜੀਤ ਡੈਸਕ
02-04-2026