ਡਾਂਗੋਂ 'ਚ 27ਵਾਂ ਧਾਰਮਿਕ ਸਮਾਗਮ ਸਮਾਪਤ
ਪੱਖੋਵਾਲ/ਸਰਾਭਾ, 28 ਜਨਵਰੀ (ਖੁਸ਼ਵਿੰਦਰ ਸਿੰਘ ਸਰਾਭਾ)-ਨੇੜਲੇ ਪਿੰਡ ਡਾਂਗੋਂ ਵਿਖੇ ਗੁਰਮਤਿ ਪ੍ਰਚਾਰ ਮਿਸ਼ਨ (ਰਜਿ.) ਡਾਂਗੋਂ ਵਲੋਂ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਤੇ ਸੰਤ ਬਾਬਾ ਮੀਹਾਂ ਸਿੰਘ ਸਿਆੜ੍ਹ ਵਾਲਿਆਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਕਰਵਾਏ ਗਏ 27ਵੇਂ ਧਾਰਮਿਕ ਸਮਾਗਮ ਦੇ ਆਖਰੀ ਦਿਨ ਨਗਰ ਕੀਰਤਨ ਸਜਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਤੇ ਰਾਗੀ ਢਾਡੀ ਸਿੰਘਾਂ ਨੇ ਕਥਾ-ਕੀਰਤਨ ਰਾਹੀਂ ਇਕੱਤਰ ਸਿੱਖ ਸੰਗਤਾਂ ਨੂੰ ਗੁਰ-ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਸਿੱਖਾਂ ਦੇ ਕੁਰਬਾਨੀਆਂ ਭਰੇ ਗੌਰਵਮਈ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਸਿੱਖੀ 'ਚ ਪ੍ਰਪੱਕ ਹੋ ਕੇ ਦੇਸ਼-ਵਿਦੇਸ਼ 'ਚ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਨਿਰੰਤਰ ਯੋਗਦਾਨ ਪਾਵੇ | ਇਸ ਮੌਕੇ ਬਾਬਾ ਬਿਧੀ ਚੰਦ ਸੰਪਰਦਾਇ ਦੇ ਮੁਖੀ ਜਥੇਦਾਰ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਵਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ | ਅੰਤ 'ਚ ਬਾਹਰੋਂ ਆਈਆਂ ਸਮੂਹ ਧਾਰਮਿਕ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਬਾਬਾ ਸਰਬਜੋਤ ਸਿੰਘ ਨੇ ਉਨਾਂ ਨੂੰ ਸਿਰੋਪਾਓ, ਸ੍ਰੀ ਸਾਹਿਬ ਤੇ ਲੋਈ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਅਕਾਲੀ ਆਗੂ ਬਲਵਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ ਸੱਗੂ, ਐਡਵੋਕੇਟ ਗਗਨਦੀਪ ਸਿੰਘ, ਅਵਤਾਰ ਸਿੰਘ ਮਹੋਲੀ ਖ਼ੁਰਦ ਸਮੇਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ |
ਨੌਜਵਾਨ ਪੀੜ੍ਹੀ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਨਿਰੰਤਰ ਯੋਗਦਾਨ ਪਾਵੇ-ਜਥੇਦਾਰ ਗੜਗੱਜ
ਅਜੀਤ ਡੈਸਕ
29-01-2026