ਲਹਿੰਦੇ ਪੰਜਾਬ ਦੇ ਵਸਨੀਕਾਂ ਲਈ 'ਬਾਵੇ ਦੀ ਮੜ੍ਹੀ' ਬਣੀ ਬੁਝਾਰਤ
ਸੁਰਿੰਦਰ ਕੋਛੜ
ਅੰਮਿ੍ਤਸਰ, 22 ਜਨਵਰੀ-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਮੇਲਾ ਬਸੰਤ ਪੰਚਮੀ ਲਾਹੌਰ 'ਚ ਸ਼ਾਲਾਮਾਰ (ਸ਼ਾਲੀਮਾਰ) ਬਾਗ ਵਿਖੇ ਕਰਵਾਇਆ ਜਾਂਦਾ ਸੀ | ਮੇਲੇ ਵਾਲੇ ਦਿਨ ਹਿੰਦੂ ਅਤੇ ਸਿੱਖ ਬਾਗ ਦੇ ਨਜ਼ਦੀਕ ਮੌਜ਼ਾ ਕੋਟ ਖ਼ਵਾਜਾ ਸਇਅਦ 'ਚ ਮੌਜੂਦ 'ਬਾਵੇ ਦੀ ਮੜ੍ਹੀ' ਵਜੋਂ ਮਸ਼ਹੂਰ ਵੀਰ ਹਕੀਕਤ ਰਾਏ ਦੀ ਸਮਾਧ ਵਿਖੇ ਮੱਥਾ ਟੇਕਦੇ ਤਾਂ ਮੁਸਲਮਾਨ ਉਥੇ ਨਜ਼ਦੀਕ ਹੀ ਮੌਜੂਦ ਮਾਧੋ ਲਾਲ ਹੁਸੈਨ ਦੀ ਮਜ਼ਾਰ 'ਤੇ ਸਿੱਜਦਾ ਕਰਦੇ ਅਤੇ ਬਾਅਦ 'ਚ ਇਕੱਠੇ ਬੈਠ ਕੇ ਮੇਲੇ ਦਾ ਅਨੰਦ ਮਾਣਦੇ ਸਨ | ਦੱਸਿਆ ਜਾਂਦਾ ਹੈ ਕਿ ਕਾਲੂ ਰਾਮ ਨਾਂਅ ਦੇ ਇਕ ਸ਼ਰਧਾਲੂ ਨੇ ਵੀਰ ਹਕੀਕਤ ਰਾਏ ਦੀ ਸਮਾਧ ਦੇ ਸਥਾਨ 'ਤੇ ਮੇਲਾ ਬਸੰਤ ਪੰਚਮੀ ਕਰਾਉਣ ਦੀ ਸ਼ੁਰੂਆਤ ਮਿਸਲ ਕਾਲ ਦੌਰਾਨ ਕੀਤੀ ਸੀ, ਜਦਕਿ ਮੌਜੂਦਾ ਸਮੇਂ ਲਹਿੰਦੇ ਪੰਜਾਬ ਦੇ ਵਸਨੀਕ ਬਸੰਤ ਮੇਲੇ ਨਾਲ ਸੰਬੰਧਿਤ ਨਾ ਤਾਂ ਉਕਤ ਇਤਿਹਾਸ ਤੋਂ ਜਾਣੂ ਹਨ ਅਤੇ ਨਾ ਹੀ ਲਾਹੌਰ ਦੇ ਜ਼ਿਆਦਾਤਰ ਸਾਹਿਤ ਅਤੇ ਇਤਿਹਾਸ ਪ੍ਰੇਮੀਆਂ ਨੂੰ 'ਬਾਵੇ ਦੀ ਮੜ੍ਹੀ' ਬਨਾਮ ਵੀਰ ਹਕੀਕਤ ਰਾਏ ਦੀ ਸਮਾਧ ਦੀ ਹੋਂਦ ਬਾਰੇ ਹੀ ਕੋਈ ਵਿਸ਼ੇਸ਼ ਜਾਣਕਾਰੀ ਹੈ | ਮੌਜੂਦਾ ਸਮੇਂ ਲਹੌਰੀਆਂ ਲਈ ਮੇਲਾ ਬਸੰਤ ਦਾ ਅਰਥ ਸਿਰਫ਼ ਪਤੰਗਾ ਉਡਾਣਾਂ ਰਹਿ ਗਿਆ ਹੈ | ਸਿੱਖ ਰਾਜ ਵੇਲੇ ਦੇ ਦਸਤਾਵੇਜ਼ਾਂ ਮੁਤਾਬਿਕ ਲਾਹੌਰ 'ਚ ਮੇਲਾ ਬਸੰਤ ਮੌਕੇ ਮਹਾਰਾਜਾ ਰਣਜੀਤ ਸਿੰਘ ਖ਼ੁਦ ਹਾਥੀ 'ਤੇ ਬੈਠ ਕੇ ਮੇਲੇ 'ਚ ਜਾਇਆ ਕਰਦੇ ਸਨ ਅਤੇ ਦਿਲ ਖੋਲ੍ਹ ਕੇ ਲੋਕਾਂ 'ਤੇ ਸਿੱਕਿਆਂ ਦੀ ਬਾਰਿਸ਼ ਕਰਦੇ ਸਨ | ਸਮਾਰੋਹ 'ਚ ਮਹਾਰਾਜਾ ਸਮੇਤ ਉਨ੍ਹਾਂ ਦੇ ਵਜ਼ੀਰ, ਜਰਨੈਲ, ਫ਼ੌਜ ਅਤੇ ਆਮ ਲੋਕ ਪੀਲੇ (ਬਸੰਤ) ਰੰਗ ਦੇ ਕੱਪੜੇ ਪਾ ਕੇ ਮੇਲੇ 'ਚ ਸ਼ਿਰਕਤ ਕਰਦੇ ਸਨ | ਦੱਸਿਆ ਜਾਂਦਾ ਹੈ ਕਿ 'ਵੀਰ' ਹਕੀਕਤ ਰਾਏ ਦੀ ਸਿਆਲਕੋਟ 'ਚ ਇਸਲਾਮੀਆ ਮਦਰਸੇ ਦੇ ਜਮਾਤੀ ਮੁਸਲਮਾਨ ਲੜਕਿਆਂ ਵਲੋਂ ਹਜ਼ਰਤ ਮੁਹੰਮਦ ਸਾਹਿਬ ਦੀ ਪੁੱਤਰੀ ਬੀਬੀ ਫ਼ਾਤਿਮਾ ਬਾਰੇ ਇਤਰਾਜ਼ਯੋਗ ਸ਼ਬਦ ਵਰਤਣ ਦਾ ਦੋਸ਼ ਲਗਾ ਕੇ ਕੀਤੀ ਸ਼ਿਕਾਇਤ ਤੋਂ ਬਾਅਦ ਨਵਾਬ ਜ਼ਕਰੀਆ ਖ਼ਾਨ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਹਕੀਕਤ ਰਾਏ ਆਪਣੀ ਗ਼ਲਤੀ ਸਵੀਕਾਰ ਕਰਨ ਤੋਂ ਬਾਅਦ ਇਸਲਾਮ ਕਬੂਲ ਕਰਕੇ ਮੁਸਲਮਾਨ ਬਣ ਜਾਂਦਾ ਹੈ ਤਾਂ ਇਸ ਦੀ ਮੌਤ ਦੀ ਸਜ਼ਾ ਮੁਆਫ਼ ਕਰ ਦਿੱਤੀ ਜਾਵੇਗੀ, ਜਦਕਿ ਹਕੀਕਤ ਰਾਏ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ 'ਤੇ ਬਸੰਤ ਪੰਚਮੀ ਵਾਲੇ ਦਿਨ ਜੱਲਾਦ ਨੇ ਤਲਵਾਰ ਨਾਲ ਉਨ੍ਹਾਂ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ | ਲਾਹੌਰ 'ਚ ਵੀਰ ਹਕੀਕਤ ਰਾਏ ਦਾ ਸਸਕਾਰ ਕਰਕੇ ਬਾਅਦ 'ਚ ਉਥੇ ਹੀ ਉਸ ਦੀ ਸਮਾਧ ਬਣਾ ਦਿੱਤੀ ਗਈ | ਇਹ ਸਮਾਧ ਕੁਝ ਵਰ੍ਹੇ ਪਹਿਲਾਂ ਤੱਕ ਅਟਾਰੀ-ਵਾਹਗਾ ਸਰਹੱਦ ਤੋਂ ਲਾਹੌਰ ਵਾਲੇ ਪਾਸੇ 6-7 ਕਿਲੋਮੀਟਰ ਦੀ ਦੂਰੀ 'ਤੇ ਮੌਜ਼ਾ ਕੋਟ ਖ਼ੋਜੇ ਸ਼ਾਹੀ (ਸ਼ਾਹ ਬਹਲੋਲ) ਆਬਾਦੀ 'ਚ ਮੌਜੂਦ ਸੀ,ਪਰ ਹੁਣ ਇਹ ਜ਼ਮੀਨਦੋਜ਼ ਹੋ ਚੁਕੀ ਹੈ |
ਸਿੱਖ ਰਾਜ ਵੇਲੇ ਲਾਹੌਰ 'ਚ ਵੀਰ ਹਕੀਕਤ ਰਾਏ ਦੀ ਸਮਾਧ 'ਤੇ ਲੱਗਦਾ ਰਿਹਾ ਮੇਲਾ ਬਸੰਤ ਪੰਚਮੀ
ਅਜੀਤ ਡੈਸਕ
23-01-2026