ਗੁਰੂ ਕਾ ਲਾਹੌਰ, 22 ਜਨਵਰੀ (ਸ਼ਿਵ ਕੁਮਾਰ ਕਾਲੀਆ, ਧਰਮਪਾਲ ਚੌਧਰੀ)-ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਸ੍ਰੀ ਗੁਰੂ ਕਾ ਲਾਹੌਰ, ਜਿਥੇ ਦਸਮ ਪਾਤਸ਼ਾਹ ਵਲੋਂ 23 ਹਾੜ ਸੰਮਤ 1734 ਈਸਵੀ ਨੂੰ ਮਾਤਾ ਜੀਤ ਕੌਰ ਜੀ ਦੇ ਨਾਲ ਆਨੰਦ ਕਾਰਜ ਕਰਵਾਏ ਗਏ ਸਨ, ਬਸੰਤ ਪੰਚਮੀ ਦੇ ਪਵਿੱਤਰ ਦਿਹਾੜੇ 'ਤੇ ਸਮੂਹ ਸੰਗਤ ਵਲੋਂ ਦਸ਼ਮੇਸ਼ ਵਿਆਹ ਪੁਰਬ ਸਮਾਗਮ ਬਹੁਤ ਹੀ ਧੂਮਧਾਮ ਦੇ ਨਾਲ ਮਨਾਏ ਜਾਂਦੇ ਹਨ | ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਗੁਰੂ ਕਾ ਲਾਹੌਰ ਵਿਖੇ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ | ਇਸ ਮੌਕੇ ਸਜਾਏ ਜਾਂਦੇ ਵਿਆਹ ਰੂਪੀ ਨਗਰ ਕੀਰਤਨ ਦਾ ਦੂਜਾ ਪੜਾਅ ਗੁਰਦੁਆਰਾ ਸਾਹਿਬ ਸਿਹਰਾ ਸਾਹਿਬ ਤੋਂ ਆਰੰਭ ਕੀਤਾ ਗਿਆ, ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਦੇ ਵਿਚ ਸੰਗਤਾਂ ਹਾਜ਼ਰ ਹੋਈਆਂ | ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਏ ਇਸ ਨਗਰ ਕੀਰਤਨ ਦਾ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਪ੍ਰਸਿੱਧ ਢਾਡੀ ਜਥੇ ਤਰਸੇਮ ਸਿੰਘ ਮੋਰਾਵਾਲੀ ਵਲੋਂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਗਈ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤਿ੍ਵੈਣੀ ਸਾਹਿਬ, ਗੁਰਦੁਆਰਾ ਸਾਹਿਬ ਪੌੜ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਗੁਰੂ ਕਾ ਲਾਹੌਰ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਵਿਚ ਹਾਜ਼ਰ ਸੰਗਤ ਲਈ ਵੱਖ-ਵੱਖ ਪ੍ਰਕਾਰ ਦੀਆਂ ਮਠਿਆਈਆਂ ਅਤੇ ਫਲਾਂ ਦੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ | ਨਗਰ ਕੀਰਤਨ ਵਿਚ ਬਾਬਾ ਸਤਨਾਮ ਸਿੰਘ ਮੁੱਖ ਸੇਵਾਦਾਰ ਕਿਲ੍ਹਾ ਅਨੰਦਗੜ੍ਹ ਸਾਹਿਬ, ਬਾਬਾ ਅਵਤਾਰ ਸਿੰਘ, ਬਾਬਾ ਗੁਰਦੇਵ ਸਿੰਘ, ਬਾਬਾ ਕਰਤਾਰ ਸਿੰਘ, ਬਾਬਾ ਜਰਨੈਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਹਿਮਾਚਲ ਪ੍ਰਦੇਸ਼ ਜਥੇਦਾਰ ਦਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮਲਕੀਤ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਮੈਨੇਜਰ ਸੰਦੀਪ ਸਿੰਘ ਕਲੋਤਾ, ਮੈਨੇਜਰ ਅਮਰਜੀਤ ਸਿੰਘ, ਵਿਧਾਇਕ ਰਣਧੀਰ ਸ਼ਰਮਾ, ਹਰਦੇਵ ਸਿੰਘ ਦੇਬੀ ਅਕਾਲੀ ਆਗੂ, ਦਵਿੰਦਰ ਸਿੰਘ ਢਿੱਲੋ, ਭਗਵੰਤ ਸਿੰਘ ਅਟਵਾਲ ਸਰਪੰਚ, ਜਗਨੰਦਨ ਸਿੰਘ ਅਕਾਊਾਟੈਂਟ, ਇੰਜੀਨੀਅਰ ਦਵਿੰਦਰ ਸਿੰਘ, ਰਾਮ ਕਿਸ਼ਨ, ਰਾਮਪਾਲ ਸਰਪੰਚ, ਜਸਵਿੰਦਰ ਸਿੰਘ ਖੰਨੇ ਵਾਲੇ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਗੁਰੂ ਕਾ ਲਾਹੌਰ ਵਿਖੇ ਸਜਾਇਆ ਗਿਆ ਵਿਆਹ ਰੂਪੀ ਵਿਸ਼ਾਲ ਨਗਰ ਕੀਰਤਨ <br/>
ਅਜੀਤ ਡੈਸਕ
23-01-2026