18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਚੋਰਾਂ ਵਲੋਂ ਰਾਤ ਨੂੰ ਬੰਦ ਦੁਕਾਨ 'ਚ ਵਿਅਕਤੀ ਦੀ ਹੱਤਿਆ

ਅਜੀਤ ਡੈਸਕ 23-01-2026

ਕਾਰ ਤੇ 8.50 ਲੱਖ ਲੈ ਕੇ ਫ਼ਰਾਰ ਹੋਏ ਚੋਰ ਸੜਕ ਹਾਦਸੇ ਉਪਰੰਤ ਅੰਬਾਲਾ ਪੁਲਿਸ ਵਲੋਂ ਕਾਬੂ
ਜਲੰਧਰ, 22 ਜਨਵਰੀ (ਐੱਮ. ਐੱਸ. ਲੋਹੀਆ)–ਬਸਤੀ ਨੌ ਵਿਖੇ ਚੱਲ ਰਹੀ 'ਸੰਨ ਫਲਾਈ' ਸਪੋਰਟਸ ਨਾਂਅ ਦੀ ਦੁਕਾਨ 'ਤੋਂ ਬੀਤੀ ਰਾਤ 8.50 ਲੱਖ ਰੁਪਏ ਦੀ ਨਕਦੀ ਅਤੇ ਕਾਰ ਚੋਰੀ ਕਰਨ ਵਾਲਿਆਂ ਨੇ ਵਾਰਦਾਤ ਦਾ ਵਿਰੋਧ ਕਰਨ ਵਾਲੇ ਵਿਅਕਤੀ ਦੀ ਹੱਤਿਆ ਕਰ ਦਿੱਤੀ | ਵਾਰਦਾਤ ਤੋਂ ਬਾਅਦ ਭੱਜਦੇ ਮੁਲਜ਼ਮਾਂ ਨੂੰ ਸੜਕ ਹਾਦਸੇ ਤੋਂ ਬਾਅਦ ਅੰਬਾਲਾ ਪੁਲਿਸ ਨੇ ਕਾਬੂ ਕਰ ਲਿਆ ਅਤੇ ਜਾਂਚ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ | ਮਿ੍ਤਕ ਵਿਅਕਤੀ ਦੀ ਪਛਾਣ ਅਮਰਜੀਤ ਸਿੰਘ (65) ਵਾਸੀ ਆਦਮਪੁਰ ਵਜੋਂ ਹੋਈ ਹੈ | ਦੁਕਾਨ ਮਾਲਕ ਧਰਮਵੀਰ ਗੁਪਤਾ ਦੀ ਪਤਨੀ ਮਧੂ ਗੁਪਤਾ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਅੰਬਾਲਾ ਪੁਲਿਸ ਦਾ ਫੋਨ ਆਇਆ ਕਿ ਉਨ੍ਹਾਂ ਦੀ ਕਾਰ ਦੀ ਕਿਸੇ ਵਾਹਨ ਨਾਲ ਟੱਕਰ ਹੋ ਗਈ ਹੈ, ਜੋ ਕਿ ਦੋ ਵਿਅਕਤੀ ਦੁਕਾਨ 'ਚੋਂ ਚੋਰੀ ਕਰਨ ਤੋਂ ਬਾਅਦ ਲੈ ਕੇ ਜਾ ਰਹੇ ਸਨ | ਉਸ ਦਾ ਪਤੀ ਤੁਰੰਤ ਅੰਬਾਲਾ ਲਈ ਰਵਾਨਾ ਹੋ ਗਿਆ | ਉਸ ਨੇ ਦੁਕਾਨ 'ਤੇ ਆ ਕੇ ਦੇਖਿਆ ਤਾਂ ਪਿੱਛਲਾ ਸ਼ੱਟਰ ਟੁੱਟਾ ਹੋਇਆ ਸੀ, ਜਦੋਂ ਉਨ੍ਹਾਂ ਅੰਦਰ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੁਕਾਨ ਅੰਦਰੋਂ ਸੀ.ਸੀ.ਟੀ.ਵੀ. ਕੈਮਰੇ ਗਾਇਬ ਹਨ ਅਤੇ ਗੱਲਾ ਵੀ ਟੁੱਟਾ ਹੋਇਆ ਹੈ | ਮਧੂ ਗੁਪਤਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਕਿਸੇ ਪਾਰਟੀ ਦੀ ਪੇਮੈਂਟ ਦੇਣੀ ਸੀ, ਜਿਸ ਕਰਕੇ ਗੱਲੇ 'ਚ 8.50 ਲੱਖ ਰੁਪਏ ਰੱਖੇ ਹੋਏ ਸਨ, ਜਾਂਚ ਦੌਰਾਨ ਪਤਾ ਲੱਗਾ ਕਿ ਗੱਲੇ 'ਚੋਂ ਪੈਸੇ ਗਾਇਬ ਹਨ | ਉਨ੍ਹਾਂ ਦੇਖਿਆ ਕਿ ਦੁਕਾਨ ਦੇ ਨੇੜੇ ਖੜ੍ਹੀ ਉਨ੍ਹਾਂ ਦੀ ਕਾਰ ਵੀ ਗਾਇਬ ਹੈ | ਜਾਂਚ ਦੌਰਾਨ ਦੁਕਾਨ ਦੀ ਛੱਤ 'ਤੇ ਡੁਲਿਆ ਖ਼ੂਨ ਵੀ ਦੇਖਿਆ ਗਿਆ, ਜਿਸ ਤੋਂ ਲੱਗ ਰਿਹਾ ਸੀ ਕਿ ਚੋਰੀ ਕਰਨ ਵਾਲਿਆਂ ਦੀ ਦੁਕਾਨ 'ਤੇ ਰਹਿੰਦੇ ਅਮਰਜੀਤ ਸਿੰਘ ਨਾਲ ਝੜਪ ਹੋਈ ਹੈ, ਕਿਉਂਕਿ ਉਨ੍ਹਾਂ ਨੂੰ ਅਮਰਜੀਤ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੀ | ਵਾਰਦਾਤ ਸੰਬੰਧੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਏ.ਡੀ.ਸੀ.ਪੀ. (ਸਿਟੀ-2) ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਅੰਬਾਲਾ ਪੁਲਿਸ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਕਿ ਦੇਰ ਰਾਤ ਦੋ ਵਿਅਕਤੀਆਂ ਦੀ ਗੱਡੀ ਦੀ ਟੱਕਰ ਹੋ ਗਈ ਸੀ | ਜਦੋਂ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਪਤਾ ਲੱਗਾ ਕਿ ਉਨ੍ਹਾਂ ਵਿਅਕਤੀਆਂ ਦੇ ਕਪੜਿਆਂ 'ਤੇ ਖੂਨ ਦੇ ਦਾਗ਼ ਲੱਗੇ ਹੋਏ ਸਨ | ਉਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਮਰਜੀਤ ਸਿੰਘ ਦੀ ਹੱਤਿਆ ਕਰਕੇ ਆਏ ਹਨ ਅਤੇ ਲਾਸ਼ ਦੁਕਾਨ 'ਤੇ ਬਣੇ ਕਮਰੇ 'ਚ ਲੁਕੋ ਆਏ ਹਨ | ਏ.ਡੀ.ਸੀ.ਪੀ. ਨੇ ਕਿਹਾ ਕਿ ਮਿ੍ਤਕ ਦੇਹ ਬਰਾਮਦ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਅੰਬਾਲਾ ਤੋਂ ਲਿਆਉਣ ਲਈ ਪੁਲਿਸ ਪਾਰਟੀ ਭੇਜੀ ਗਈ ਹੈ | ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਜਲੰਧਰ ਪਹੁੰਚਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |
ਸੀ.ਸੀ.ਟੀ.ਵੀ. ਸਾਹਮਣੇ ਪਛਾਣ
ਲੁਕਾਉਣ ਲਈ ਪਾਈ ਬੋਰੀ
ਮਧੂ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਜਦੋਂ ਉਨ੍ਹਾਂ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੇ ਪਛਾਣ ਲੁਕਾਉਣ ਲਈ ਆਪਣੇ 'ਤੇ ਬੋਰੀ ਪਾਈ ਹੋਈ ਸੀ, ਜਿਸ ਦੇ ਪੈਰ ਨਜ਼ਰ ਆ ਰਹੇ ਸਨ ਅਤੇ ਉਨ੍ਹਾਂ ਤੋਂ ਉਹ ਦੁਕਾਨ 'ਚ ਕੰਮ ਕਰਨ ਵਾਲਾ ਸੋਨੂੰ ਲੱਗ ਰਿਹਾ ਸੀ | ਪੀੜਤਾ ਨੇ ਦੱਸਿਆ ਕਿ ਸੋਨੂੰ ਉਨ੍ਹਾਂ ਕੋਲ ਪਿਛਲੇ ਕੁਝ ਸਾਲਾਂ ਤੋਂ ਕੰਮ ਕਰ ਰਿਹਾ ਸੀ, ਜੋ ਕਈ ਵਾਰ ਕੰਮ ਛੱਡ ਗਿਆ ਅਤੇ ਬਾਅਦ 'ਚ ਉਸ ਦੇ ਪਿਤਾ ਦੇ ਕਹਿਣ 'ਤੇ ਉਨ੍ਹਾਂ ਦੁਬਾਰਾ ਉਸ ਨੂੰ ਕੰਮ 'ਤੇ ਰੱਖ ਲਿਆ ਸੀ |

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਗੁਰੂ ਕਾ ਲਾਹੌਰ ਵਿਖੇ ਸਜਾਇਆ ਗਿਆ ਵਿਆਹ ਰੂਪੀ ਵਿਸ਼ਾਲ ਨਗਰ ਕੀਰਤਨ <br/... ਅਗਲੀ ਖ਼ਬਰ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਵਲੋਂ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫ਼ੈਸਲੇ ਦੀ ਸਖ਼ਤ ਨਿੰਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।