19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵਧੀਕ ਡਿਪਟੀ ਕਮਿਸ਼ਨਰ ਵਲੋਂ ਸਵੈ ਜਨਗਣਨਾ ਸੰਬੰਧੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 19 ਨਵੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤ ਸਰਕਾਰ ਵਲੋਂ ਜਨਗਣਨਾ 2027 ਦੇ ਦੂਜੇ ਪੜਾਅ ਤਹਿਤ ਸ਼ੁਰੂ ਕੀਤੀ ਗਈ ਸਵੈ ਜਨਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ, ਜੋ 30 ਨਵੰਬਰ 2026 ਤੱਕ ਜਾਰੀ ਰਹੇਗੀ। ਇਸ ਪ੍ਰਕਿਰਿਆ ਤਹਿਤ ਨਾਗਰਿਕ ਆਪਣੇ ਪਰਿਵਾਰ ਅਤੇ ਘਰ ਸੰਬੰਧੀ ਵੇਰਵੇ ਖੁਦ ਆਨਲਾਈਨ ਪੋਰਟਲ ਰਾਹੀਂ ਦਰਜ ਕਰਵਾ ਸਕਦੇ ਹਨ।

ਅਜੀਤ ਡੈਸਕ 20-11-2026
ਸ੍ਰੀ ਮੁਕਤਸਰ ਸਾਹਿਬ, 19 ਨਵੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤ ਸਰਕਾਰ ਵਲੋਂ ਜਨਗਣਨਾ 2027 ਦੇ ਦੂਜੇ ਪੜਾਅ ਤਹਿਤ ਸ਼ੁਰੂ ਕੀਤੀ ਗਈ ਸਵੈ ਜਨਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ, ਜੋ 30 ਨਵੰਬਰ 2026 ਤੱਕ ਜਾਰੀ ਰਹੇਗੀ। ਇਸ ਪ੍ਰਕਿਰਿਆ ਤਹਿਤ ਨਾਗਰਿਕ ਆਪਣੇ ਪਰਿਵਾਰ ਅਤੇ ਘਰ ਸੰਬੰਧੀ ਵੇਰਵੇ ਖੁਦ ਆਨਲਾਈਨ ਪੋਰਟਲ ਰਾਹੀਂ ਦਰਜ ਕਰਵਾ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨਰਿੰਦਰ ਸਿੰਘ ਧਾਲੀਵਾਲ ਨੇ ਜਨਗਣਨਾ ਸੰਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਵੈ ਜਨਗਣਨਾ ਦੀ ਸਹੂਲਤ ਨਾਗਰਿਕਾਂ ਲਈ ਸਰਲ, ਸੁਰੱਖਿਅਤ ਅਤੇ ਸਮਾਂ ਬਚਾਉਣ ਵਾਲੀ ਪ੍ਰਕਿਰਿਆ ਹੈ। ਇਸ ਰਾਹੀਂ ਲੋਕ ਸਰਕਾਰ ਵਲੋਂ ਜਾਰੀ ਅਧਿਕਾਰਤ ਵੈੱਬ ਪੋਰਟਲ ਜਾਂ ਮੋਬਾਈਲ ਐਪਲੀਕੇਸ਼ਨ ’ਤੇ ਲੌਗਇਨ ਕਰਕੇ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਘਰ ਨਾਲ ਸੰਬੰਧਿਤ ਲੋੜੀਂਦੀ ਜਾਣਕਾਰੀ ਖ਼ੁਦ ਦਰਜ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਜਾਣਕਾਰੀ ਜਮ੍ਹਾਂ ਕਰਵਾਉਣ ਉਪਰੰਤ ਇਕ ਵਿਲੱਖਣ ਸੈਲਫ਼ ਐਨੂਮਰੇਸ਼ਨ ਆਈ.ਡੀ. ਜਾਰੀ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫਾਰਮ ਭਰਨ ਤੋਂ ਬਾਅਦ ਇਸ ਆਈ.ਡੀ. ਨੂੰ ਸੰਭਾਲ ਕੇ ਰੱਖਿਆ ਜਾਵੇ, ਕਿਉਂਕਿ ਘਰ-ਘਰ ਜਨਗਣਨਾ ਦੌਰਾਨ ਇਸ ਦੀ ਲੋੜ ਪਵੇਗੀ। ਉਨ੍ਹਾਂ ਦੱਸਿਆ ਕਿ ਸਵੈ-ਜਨਗਣਨਾ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਗਿਣਤੀਕਾਰ ਅਤੇ ਸੁਪਰਵਾਈਜ਼ਰ ਘਰ-ਘਰ ਜਾ ਕੇ ਜਨਗਣਨਾ ਦਾ ਕੰਮ ਕਰਨਗੇ। ਜਿਹੜੇ ਨਾਗਰਿਕ ਪਹਿਲਾਂ ਹੀ ਆਨਲਾਈਨ ਸਵੈ-ਜਨਗਣਨਾ ਕਰ ਚੁੱਕੇ ਹੋਣਗੇ, ਉਹ ਘਰ ਆਉਣ ਵਾਲੇ ਗਿਣਤੀਕਾਰ ਜਾਂ ਸੁਪਰਵਾਈਜ਼ਰ ਨੂੰ ਆਪਣੀ ਸੈਲਫ਼-ਐਨੂਮਰੇਸ਼ਨ ਆਈ . ਡੀ. ਮੁਹੱਈਆ ਕਰਵਾਉਣਗੇ, ਤਾਂ ਜੋ ਦਰਜ ਕੀਤੇ ਗਏ ਅੰਕੜਿਆਂ ਦੀ ਪੁਸ਼ਟੀ ਕੀਤੀ ਜਾ ਸਕੇ। ਜੇਕਰ ਸਵੈ-ਜਨਗਣਨਾ ਦੌਰਾਨ ਕਿਸੇ ਪਰਿਵਾਰਕ ਮੈਂਬਰ ਦੀ ਜਾਣਕਾਰੀ ਦਰਜ ਹੋਣ ਤੋਂ ਰਹਿ ਗਈ ਹੋਵੇ ਤਾਂ ਘਰ-ਘਰ ਗਣਨਾ ਦੌਰਾਨ ਉਸ ਨੂੰ ਵੀ ਦਰਜ ਕਰਵਾਇਆ ਜਾ ਸਕੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਗਣਨਾ ਦੀ ਇਸ ਮਹੱਤਵਪੂਰਨ ਮੁਹਿੰਮ ਨੂੰ ਜ਼ਿਲ੍ਹੇ ਦੇ ਹਰ ਪਿੰਡ ਤੇ ਸ਼ਹਿਰੀ ਵਾਰਡ ਤੱਕ ਪਹੁੰਚਾਉਣ ਲਈ ਵੱਖ-ਵੱਖ ਵਿਭਾਗਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਸੰਬੰਧੀ ਉਪ ਅਰਥ ਤੇ ਅੰਕੜਾ ਸਲਾਹਕਾਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਜਨਗਣਨਾ ਪ੍ਰਤੀ ਜਾਗਰੂਕ ਕਰਨ ਲਈ ਡਾਇਰੈਕਟੋਰੇਟ ਆਫ਼ ਸੈਂਸਸ ਆਪ੍ਰੇਸ਼ਨਜ਼ ਪੰਜਾਬ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਜਨਗਣਨਾ ਜਾਗਰੂਕਤਾ ਡਿਜੀਟਲ ਵੈਨ ਚਲਾਈ ਜਾ ਰਹੀ ਹੈ। ਇਸ ਵੈਨ ਰਾਹੀਂ ਪਿੰਡਾਂ ਤੇ ਸ਼ਹਿਰੀ ਖੇਤਰਾਂ ਵਿਚ ਲੋਕਾਂ ਨੂੰ ਜਨਗਣਨਾ-2027 ਦੇ ਦੂਜੇ ਪੜਾਅ ਅਤੇ ਸਵੈ-ਜਨਗਣਨਾ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ 18 ਨਵੰਬਰ ਨੂੰ ਜ਼ਿਲ੍ਹੇ ਦੇ ਪਿੰਡ ਚੱਕ ਅਟਾਰੀ ਸਦਰਵਾਲਾ, ਸਦਰਵਾਲਾ, ਅਟਾਰੀ, ਫ਼ੱਤਣਵਾਲਾ, ਵਧਾਈਆਂ, ਰਹੂੜਿਆਂਵਾਲੀ, ਚੱਕ ਮਹਾਂਬੱਧਰ, ਚਿੱਬੜਾਂਵਾਲੀ, ਚੱਕ ਸ਼ੇਰੇਵਾਲਾ ਤੇ ਖੁੰਡੇ ਹਲਾਲ ਵਿਖੇ ਜਾਗਰੂਕਤਾ ਵੈਨ ਰਾਹੀਂ ਲੋਕਾਂ ਨੂੰ ਜਨਗਣਨਾ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਗੁਰਕਿਰਨਦੀਪ ਸਿੰਘ ਸਿੱਧੂ, ਐਸ.ਡੀ.ਐਮ. ਮਲੋਟ ਬਲਜੀਤ ਕੌਰ, ਐਸ.ਡੀ.ਐਮ. ਗਿੱਦੜਬਾਹਾ ਪੁਨੀਤ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ’ਚ ਨੈਸ਼ਨਲ ਇੰਟੀਗ੍ਰੇਸ਼ਨ ਡੇਅ ਮਨਾਇਆ ਅਗਲੀ ਖ਼ਬਰ 18ਵਾਂ ਨਵਰੀਤ ਯਾਦਗਾਰੀ ਖੂਨਦਾਨ ਕੈਂਪ ਬਰਗਾੜੀ ਵਿਖੇ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।