ਸਾਦਿਕ, 2 ਨਵੰਬਰ (ਆਰ.ਐਸ.ਧੁੰਨਾ)-ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀਪ ਸਿੰਘ ਵਾਲਾ ਵਿਖੇ ਸਾਲਾਨਾ ਅਥਲੈਟਿਕਸ ਮੀਟ 2026-27 ਸ਼ਾਨੋ-ਸ਼ੌਕਤ ਸ਼ੁਰੂ ਕੀਤੀ ਗਈ। ਖੇਡਾਂ ਦੇ ਇਸ ਮਹਾਂਕੁੰਭ ਦੇ ਪਹਿਲੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਗੁਰਲਾਲ ਸਿੰਘ ਗਿੱਲ ਮੁੱਖ ਅਫ਼ਸਰ ਥਾਣਾ ਸਾਦਿਕ ਦੇ ਨਾਲ ਪੀ.ਐਸ.ਆਈ ਗੁਰਪਿੰਦਰ ਸਿੰਘ, ਸਹਾਇਕ ਥਾਣੇਦਾਰ ਤਰਲੋਚਨ ਸਿੰਘ, ਸਕੂਲ ਦੇ ਚੇਅਰਮੈਨ ਗੁਰਜੰਟ ਸਿੰਘ ਮਨਾਵਾਂ, ਵਾਈਸ ਚੇਅਰਮੈਨ ਬਲਦੇਵ ਸਿੰਘ ਸੇਖੋਂ, ਮੈਨੇਜਮੈਂਟ ਮੈਂਬਰ ਗੁਰਜੀਤ ਸਿੰਘ ਮਨਾਵਾਂ, ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਅਤੇ ਸ਼ਾਮ ਲਾਲ ਬਜਾਜ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਦੀਪ ਜਗਾ ਕੇ ਕਰਵਾਈ। ਵਿਦਿਆਰਥੀਆਂ ਵਲੋਂ ਧਾਰਮਿਕ ਸ਼ਬਦ ਗਾਇਨ ਅਤੇ ਸਵਾਗਤੀ ਗੀਤ ਗਾਇਆ ਗਿਆ। ਇਸ ਸਾਲਾਨਾ ਅਥਲੈਟਿਕਸ ਮੀਟ ਵਿਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਆਪਣੀ ਖੇਡ ਪ੍ਰਤਿਭਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਅਥਲੈਟਿਕਸ ਮੀਟ ਦੇ ਪਹਿਲੇ ਦਿਨ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਨੰਨ੍ਹੇ ਮੁੰਨੇ ਵਿਦਿਆਰਥੀਆਂ ਦੇ ਹਾਊਸ ਅਨੁਸਾਰ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਦੌੜਾਂ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ, 800 ਮੀਟਰ, ਰਿਲੇਅ ਰੇਸ, ਸ਼ਾਟ ਪੁੱਟ, ਹਾਈ ਜੰਪ, ਲੌਂਗ ਜੰਪ, ਥਰੋ ਬਾਲ, ਜੈਵਲਿਨ ਥਰੋ ਅਤੇ ਗੋਲਾ ਸੁੱਟਣ ਸਮੇਤ ਕਈ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਖੇਡ ਭਾਵਨਾ ਨਾਲ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲਿਆ। ਮੁੱਖ ਮਹਿਮਾਨ ਗੁਰਲਾਲ ਸਿੰਘ ਗਿੱਲ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਟੁੱਟ ਅੰਗ ਹਨ। ਖੇਡਾਂ ਜਿੱਥੇ ਸਰੀਰ ਨੂੰ ਤੰਦਰੁਸਤ ਅਤੇ ਤਾਕਤਵਰ ਬਣਾਉਂਦੀਆਂ ਹਨ, ਉੱਥੇ ਮਾਨਸਿਕ ਵਿਕਾਸ, ਅਨੁਸ਼ਾਸਨ, ਸਹਿਣਸ਼ੀਲਤਾ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਵੀ ਪੈਦਾ ਕਰਦੀਆਂ ਹਨ। ਸਕੂਲ ਦੇ ਚੇਅਰਮੈਨ ਗੁਰਜੰਟ ਸਿੰਘ ਮਨਾਵਾਂ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਟਰਾਫੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ।