ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਦੇਵ ਸਿੰਘ ਬੱਲਮਗੜ੍ਹ ਸਾਬਕਾ ਵਿਧਾਇਕ ਮਲੋਟ ਅਤੇ ਪਰਮਿੰਦਰ ਸਿੰਘ ਪਾਸ਼ਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਐੱਸ.ਸੀ. ਵਿੰਗ ਜੋ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਦੀ ਹਾਜ਼ਰੀ ਵਿਚ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ | ਉਨ੍ਹਾਂ ਵਲੋਂ ਅਨੁਸੂਚਿਤ ਜਾਤੀ ਨੈਸ਼ਨਲ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨਾਲ ਮੁਲਾਕਾਤ ਕੀਤੀ ਗਈ | ਆਗੂਆਂ ਵਲੋਂ ਸ੍ਰੀ ਸਾਂਪਲਾ ਨੂੰ ਗੁਲਦਸਤਾ ਭੇਟ ਕੀਤਾ ਗਿਆ ਅਤੇ ਪਾਰਟੀ ਵਿਚ ਸ਼ਾਮਿਲ ਕਰਵਾਉਣ 'ਤੇ ਧੰਨਵਾਦ ਕੀਤਾ | ਇਸ ਮੌਕੇ ਸ੍ਰੀ ਸਾਂਪਲਾ ਨੇ ਭਾਜਪਾ ਵਿਚ ਸ਼ਾਮਿਲ ਹੋਣ 'ਤੇ ਉਕਤ ਆਗੂਆਂ ਦਾ ਧੰਨਵਾਦ ਅਤੇ ਸਵਾਗਤ ਕੀਤਾ | ਸ੍ਰੀ ਸਾਂਪਲਾ ਨੇ ਕਿਹਾ ਕਿ ਲੋਕਾਂ ਨਾਲ ਜੁੜੇ ਅਜਿਹੇ ਆਗੂਆਂ ਦੀ ਭਾਜਪਾ ਵਿਚ ਸ਼ਮੂਲੀਅਤ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ | ਇਸ ਮੌਕੇ ਸ੍ਰੀ ਸਾਂਪਲਾ ਨੇ ਭਾਜਪਾ ਵਿਚ ਸ਼ਾਮਿਲ ਹੋਏ ਆਗੂਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ | ਇਸ ਮੌਕੇ ਆਮ ਆਦਮੀ ਪਾਰਟੀ ਸਾਬਕਾ ਸੈਨਿਕ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਸਾਹਿਬ ਚੰਦ ਵੀ ਨਾਲ ਸਨ, ਜੋ ਪਰਮਿੰਦਰ ਸਿੰਘ ਪਾਸ਼ਾ ਦੀ ਪ੍ਰੇਰਨਾ ਨਾਲ ਕੱਲ੍ਹ ਨਾਲ ਹੀ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ | ਪਰਮਿੰਦਰ ਸਿੰਘ ਪਾਸ਼ਾ ਨੇ ਦੱਸਿਆ ਕਿ ਜਲਦੀ ਹੀ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਹਲਕਿਆਂ ਵਿਚ ਇਕੱਠ ਕਰਕੇ ਵਿਜੇ ਸਾਂਪਲਾ ਨੂੰ ਬੁਲਾਇਆ ਜਾਵੇਗਾ ਅਤੇ ਵਰਕਰਾਂ ਤੇ ਹੋਰ ਸਮਰਥਕਾਂ ਦੀ ਭਾਜਪਾ ਵਿਚ ਸ਼ਮੂਲੀਅਤ ਕਰਵਾਈ ਜਾਵੇਗੀ | ਵਰਨਣਯੋਗ ਹੈ ਕਿ ਪਰਮਿੰਦਰ ਸਿੰਘ ਪਾਸ਼ਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੋਂ ਇਲਾਵਾ ਵਾਰਡ ਨੰਬਰ 15 ਸ੍ਰੀ ਮੁਕਤਸਰ ਸਾਹਿਬ ਤੋਂ ਕੌਂਸਲਰ ਰਹੇ ਅਤੇ ਇਸ ਸਮੇਂ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਇਸ ਵਾਰਡ ਤੋਂ ਕੌਂਸਲਰ ਹਨ | ਜਦਕਿ ਪਿਤਾ ਮਲੋਟ ਹਲਕੇ ਤੋਂ ਵਿਧਾਇਕ ਰਹੇ ਹਨ | ਬੱਲਮਗੜ੍ਹ ਪਰਿਵਾਰ ਦਾ ਲੋਕਾਂ ਵਿਚ ਚੰਗਾ ਆਧਾਰ ਹੈ, ਕਿਉਂਕਿ ਲੋਕ ਮਸਲਿਆਂ ਨੂੰ ਲੈ ਕੇ ਹਮੇਸ਼ਾ ਅੱਗੇ ਹੋ ਕੇ ਆਵਾਜ਼ ਬੁਲੰਦ ਕਰਦੇ ਹਨ |