ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ)-ਆਲ ਇੰਡੀਆ ਮਜ਼੍ਹਬੀ ਸਿੱਖ ਵੈੱਲਫ਼ੇਅਰ ਐਸੋਸੀਏਸ਼ਨ (ਰਾਜਨੀਤਿਕ ਵਿੰਗ) ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਗੰਧੜ ਸੇਵਾ ਮੁਕਤ ਸੂਬੇਦਾਰ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈਚਾਰੇ ਨੂੰ ਆਉਣ ਵਾਲੀ ਜਨਗਣਨਾ ਸੰਬੰਧੀ ਸੁਚੇਤ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੋਣ ਜਾ ਰਹੀ ਜਨਗਣਨਾ ਦੌਰਾਨ ਪ੍ਰਸ਼ਾਸਨਿਕ ਮੁਲਾਜ਼ਮਾਂ ਵਲੋਂ ਘਰ-ਘਰ ਜਾ ਕੇ ਫਾਰਮ ਭਰੇ ਜਾਣੇ ਹਨ, ਜਿਸ ਵਿਚ ਆਪਣੀ ਜਾਤ ਅਤੇ ਧਰਮ ਦੀ ਸਹੀ ਪਛਾਣ ਦਰਜ ਕਰਵਾਉਣੀ ਬੇਹੱਦ ਜ਼ਰੂਰੀ ਹੈ | ਸੂਬੇਦਾਰ ਗੰਧੜ ਨੇ ਵਿਸ਼ੇਸ਼ ਤੌਰ 'ਤੇ ਅਪੀਲ ਕੀਤੀ ਕਿ ਫਾਰਮ ਭਰਦੇ ਸਮੇਂ ਮਜ਼੍ਹਬੀ ਸਿੱਖ ਭਾਈਚਾਰੇ ਦੇ ਲੋਕ ਸੰਬੰਧਿਤ ਕਾਲਮ ਵਿਚ ਸਪੱਸ਼ਟ ਤੌਰ 'ਤੇ 'ਮਜ਼੍ਹਸੀ ਸਿੱਖ' ਹੀ ਲਿਖਵਾਉਣ | ਉਨ੍ਹਾਂ ਕਿਹਾ ਕਿ ਕਈ ਵਾਰ ਸਿਰਫ਼ ਮਜ਼੍ਹਬੀ ਲਿਖ ਦਿੱਤਾ ਜਾਂਦਾ ਹੈ, ਜੋ ਕਿ ਤਕਨੀਕੀ ਤੌਰ 'ਤੇ ਅਧੂਰਾ ਹੈ | ਇਸੇ ਤਰ੍ਹਾਂ ਵਾਲਮੀਕਿ ਭਾਈਚਾਰੇ ਦੇ ਲੋਕ ਆਪਣੇ ਕਾਲਮ ਵਿਚ ਸਪੱਸ਼ਟ ਰੂਪ 'ਚ 'ਵਾਲਮੀਕਿ' ਹੀ ਦਰਜ ਕਰਵਾਉਣ | ਉਨ੍ਹਾਂ ਚਿੰਤਾ ਪ੍ਰਗਟਾਈ ਕਿ ਕਈ ਸਰਕਾਰੀ ਸੂਚੀਆਂ ਵਿਚ ਸਾਡੇ ਸਮਾਜ ਵਿਰੁੱਧ ਅਪਮਾਨਜਨਕ ਸ਼ਬਦ ਵਰਤੇ ਗਏ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਅਜਿਹੇ ਸ਼ਬਦ ਫਾਰਮ ਵਿਚ ਦਰਜ ਹੋਣ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਮਾਝਾ ਅਤੇ ਮਾਲਵਾ ਖੇਤਰ 'ਚ ਮਜ਼੍ਹਬੀ ਸਿੱਖ ਅਤੇ ਵਾਲਮੀਕਿ ਭਾਈਚਾਰੇ ਦੀ ਵੱਡੀ ਵੋਟ ਬੈਂਕ ਹੈ, ਜੋ ਕਿ ਕਰੀਬ 65 ਪ੍ਰਤੀਸ਼ਤ ਤੋਂ 67 ਪ੍ਰਤੀਸ਼ਤ ਦੇ ਕਰੀਬ ਬਣਦੀ ਹੈ | ਜੇਕਰ ਅਸੀਂ ਜਨਗਣਨਾ ਦੇ ਫਾਰਮ ਸਹੀ ਢੰਗ ਨਾਲ ਅਤੇ ਆਪਣੀ ਜਾਤ ਦੇ ਆਧਾਰ 'ਤੇ ਭਰਵਾਉਂਦੇ ਹਾਂ, ਤਾਂ ਪੰਜਾਬ ਅੰਦਰ ਸਾਡੀ ਆਬਾਦੀ ਦਾ ਸਹੀ ਅੰਕੜਾ ਸਾਹਮਣੇ ਆਵੇਗਾ, ਜਿਸ ਨਾਲ ਭਾਈਚਾਰੇ ਦਾ ਰਾਜਨੀਤਿਕ ਪ੍ਰਭਾਵ ਹੋਰ ਵਧੇਗਾ | ਉਨ੍ਹਾਂ ਅੱਗੇ ਕਿਹਾ ਕਿ ਸਿੱਖ ਕੌਮ ਵਿਚ ਮਜ਼੍ਹਬੀ ਸਿੱਖਾਂ ਦੀਆਂ ਕੁਰਬਾਨੀਆਂ ਲਾਸਾਨੀ ਹਨ | ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ 'ਰੰਗਰੇਟੇ ਗੁਰੂ ਕੇ ਬੇਟੇ' ਦਾ ਮਾਣ ਬਖ਼ਸ਼ਿਆ ਹੈ | ਇਸ ਮਾਣਮੱਤੇ ਇਤਿਹਾਸ ਨੂੰ ਸੰਭਾਲਦਿਆਂ ਸਾਨੂੰ ਆਪਣੀ ਆਬਾਦੀ ਦਾ ਘੇਰਾ ਸਹੀ ਰੂਪ ਵਿਚ ਪੇਸ਼ ਕਰਨਾ ਚਾਹੀਦਾ ਹੈ | ਸੂਬੇਦਾਰ ਜਸਵਿੰਦਰ ਸਿੰਘ ਗੰਧੜ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਮੁਲਾਜ਼ਮ ਫਾਰਮ ਭਰਨ ਆਉਣ ਤਾਂ ਉਨ੍ਹਾਂ ਨੂੰ ਆਪਣੇ ਕੋਲ ਬਿਠਾ ਕੇ ਸਾਰੀ ਜਾਣਕਾਰੀ ਸਹੀ ਢੰਗ ਨਾਲ ਦਰਜ ਕਰਵਾਉਣ | ਫਾਰਮ ਭਰੇ ਜਾਣ ਤੋਂ ਬਾਅਦ ਉਸ ਨੂੰ ਖ਼ੁਦ ਚੈੱਕ ਜ਼ਰੂਰ ਕਰਨ | ਜੇਕਰ ਕੋਈ ਮੁਲਾਜ਼ਮ ਬਿਨਾਂ ਪੁੱਛੇ ਜਾਂ ਗ਼ਲਤ ਜਾਣਕਾਰੀ ਭਰਦਾ ਹੈ ਤਾਂ ਉਸ ਦਾ ਤੁਰੰਤ ਵਿਰੋਧ ਕੀਤਾ ਜਾਵੇ | ਉਨ੍ਹਾਂ ਅੰਤ 'ਚ ਕਿਹਾ ਕਿ ਰਾਜਨੀਤੀ ਦਾ ਅਸੂਲ ਹੈ 'ਜਿੰਨੀ ਕਿਸੇ ਦੀ ਹਿੱਸੇਦਾਰੀ, ਓਨੀ ਉਸਦੀ ਭਾਗੀਦਾਰੀ' | ਆਪਣੀ ਆਬਾਦੀ ਦੇ ਸਹੀ ਅੰਕੜੇ ਹੀ ਭਵਿੱਖ ਵਿਚ ਪੰਜਾਬ ਅੰਦਰ ਸਾਡੇ ਭਾਈਚਾਰੇ ਦਾ ਮੁੱਖ ਮੰਤਰੀ ਬਣਾਉਣ 'ਚ ਮਦਦਗਾਰ ਸਾਬਤ ਹੋਣਗੇ |