ਸਾਦਿਕ, 1 ਅਪ੍ਰੈਲ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਪਿੰਦਰ ਸਿੰਘ ਰੁਪੱਈਆਂ ਵਾਲਾ ਮੈਂਬਰ ਅੰਤਰਿੰਗ ਕਮੇਟੀ ਪੰਜਾਬ, ਗੁਰਸੇਵਕ ਸਿੰਘ ਕਾਉਣੀ ਪ੍ਰੈੱਸ ਸਕੱਤਰ ਤੇ ਵਜ਼ੀਰ ਸਿੰਘ ਡੋਡ ਸੀਨੀਅਰ ਮੀਤ ਪ੍ਰਧਾਨ ਨੇ ਆਪਣੇ ਸਾਂਝੇੇ ਬਿਆਨ 'ਚ ਸਾਦਿਕ ਵਿਖੇ ਇਕ ਪ੍ਰੈਸ ਮਿਲਣੀ ਦੌਰਾਨ ਸਰਕਾਰ ਤੋਂ ਪੰਜਾਬ ਵਿਚ ਬਾਕੀ ਸੂਬਿਆਂ ਵਾਂਗ ਖਸਖਸ ਦੀ ਖੇਤੀ ਕਰਨ ਦੀ ਖੁੱਲ੍ਹ ਦੇਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਅਜਿਹਾ ਕਰਕੇ ਕਿਸੇ ਨਸ਼ੇ ਨੂੰ ਬੜ੍ਹਾਵਾ ਦੇਣ ਦੀ ਗੱਲ ਨਹੀਂ ਕਰ ਰਹੇ | ਇਹ ਸਮੇਂ ਦੀ ਲੋੜ ਹੈ ਕਿਉਂਕਿ ਸਿੰਥੈਕਟ ਨਸ਼ੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਹੇ ਹਨ | ਰੋਜ਼ਾਨਾ ਇਸ ਨਾਮੁਰਾਦ ਨਸ਼ੇ ਨਾਲ ਮਾਪਿਆਂ ਦੇ ਜਵਾਨ ਪੁੱਤ ਅਣਆਈ ਮੌਤ ਮਰ ਰਹੇ ਹਨ | ਪੰਜਾਬ ਦਾ ਅਜਿਹਾ ਕੋਈ ਪਿੰਡ ਨਹੀਂ ਜਿੱਥੇ 5-7 ਨੌਜਵਾਨਾਂ ਦੀ ਇਸ ਸਿੰਥੈਟਕ ਨਸ਼ੇ ਨਾਲ ਮੌਤ ਨਾ ਹੋਈ ਹੋਵੇ | ਇਸ ਨਸ਼ੇ ਨੇ ਪੰਜਾਬ ਦੀ ਜਵਾਨੀ ਦੀ ਮਰਦਾਨਗੀ ਤਾਕਤ ਵੀ ਖ਼ਤਮ ਕਰ ਦਿੱਤੀ ਹੈ ਤੇ ਆਮ ਪਰਿਵਾਰਾਂ 'ਚ ਪਤੀ ਪਤਨੀ ਵਿਚ ਤਲਾਕ ਹੋਣ ਦੇ ਕੇਸ ਵਧਣ ਦਾ ਕਾਰਨ ਇਹ ਸਿੰਥੈਟਕ ਨਸ਼ੇ ਹੀ ਮੰਨੇ ਜਾਂਦੇ ਹਨ | ਨੌਬਤ ਇੱਥੋਂ ਤੱਕ ਆ ਗਈ ਹੈ ਕਿ ਸੰਤਾਨ ਪੈਦਾ ਕਰਨ ਲਈ ਅੱਜ ਟੈਸਟ ਟਿਊਬ ਵਿਧੀ ਦਾ ਸਹਾਰਾ ਲਿਆ ਜਾ ਰਿਹਾ ਹੈ | ਜੋ ਬਹੁਤ ਹੀ ਚਿੰਤਾਂ ਵਾਲੀ ਗੱਲ ਹੈ | ਇਨ੍ਹਾਂ ਨਸ਼ਿਆਂ ਤੋਂ ਛੁਟਕਾਰਾ ਪਾਉਣ ਦਾ ਇੱਕੋ ਇਕ ਹੱਲ ਖਸਖਸ ਦੀ ਖੇਤੀ ਅਤੇ ਇਸ ਨੂੰ ਵਰਤਣ ਦੀ ਖੁੱਲ੍ਹ ਦੇਣਾ ਹੈ | ਸਾਡੀ ਜਥੇਬੰਦੀ ਸਰਕਾਰ ਤੋਂ ਇਹ ਮੰਗ ਕਰਦੀ ਹੈ ਕਿ ਜਿਸ ਤਰ੍ਹਾਂ ਸਰਕਾਰ ਨੇ ਸ਼ਰਾਬ ਦੇ ਠੇਕਿਆਂ ਦੀ ਨੀਤੀ ਬਣਾਈ ਹੋਈ ਹੈ ਇਸੇ ਤਰ੍ਹਾਂ ਅਫੀਮ, ਪੋਸਤ ਦੇ ਠੇਕੇ ਵੀ ਖੋਲ੍ਹੇ ਜਾਣ | ਜਿਸ ਨਾਲ ਪੰਜਾਬ ਦੀ ਜਵਾਨੀ ਵੀ ਬਚੇਗੀ ਤੇ ਸਰਕਾਰ ਨੂੰ ਵੀ ਇਸ ਤੋਂ ਆਮਦਨ ਹੋਵੇਗੀ | ਇਸ ਮੌਕੇ ਅਮਨਦੀਪ ਸਿੰਘ ਬਲਾਕ ਪ੍ਰਧਾਨ, ਸ਼ਿੰਗਾਰਾ ਸਿੰਘ ਮੁੱਖ ਬੁਲਾਰਾ, ਕੁਲਦੀਪ ਸਿੰਘ ਸਾਧੂਵਾਲਾ ਮੀਤ ਪ੍ਰਧਾਨ, ਜਗਦੀਪ ਸਿੰਘ ਜਨੇਰੀਆਂ ਜਨਰਲ ਸਕੱਤਰ, ਦਲਜੀਤ ਸਿੰਘ ਮੁਮਾਰਾ ਬਲਾਕ ਜਨਰਲ ਸਕੱਤਰ, ਮੰਦਰ ਸਿੰਘ ਕਾਉਣੀ ਇਕਾਈ ਪ੍ਰਧਾਨ, ਲਖਵਿੰਦਰ ਸਿੰਘ ਕਾਉਣੀ ਅਤੇ ਅੰਗਰੇਜ਼ ਸਿੰਘ ਘੁੱਦੂਵਾਲਾ ਵੀ ਹਾਜ਼ਰ ਸਨ |