ਸ੍ਰੀ ਮੁਕਤਸਰ ਸਾਹਿਬ, 29 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਸਮਾਜ ਸੇਵਕ ਐਡਵੋਕੇਟ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਐੱਸ.ਐੱਸ.ਪੀ. ਦਫ਼ਤਰ ਸ੍ਰੀ ਮੁਕਤਸਰ ਸਾਹਿਬ ਨੂੰ ਇਕ ਆਰ.ਟੀ.ਆਈ. ਪਾਈ ਗਈ ਸੀ, ਜਿਸ ਵਿਚ ਪੁੱਛਿਆ ਗਿਆ ਸੀ ਕਿ ਸ੍ਰੀ ਮੁਕਤਸਰ ਸਾਹਿਬ ਵਿਚ 1 ਜਨਵਰੀ 2025 ਤੋਂ 26 ਅਕਤੂਬਰ 2025 ਤੱਕ ਹਾਈ ਬੀਮ ਲਾਈਟਾਂ ਦੇ ਕਿੰਨੇ ਚਲਾਨ ਕੱਟੇ ਗਏ ਹਨ, ਜਿਸ ਵਿਚ ਖ਼ੁਲਾਸਾ ਹੋਇਆ ਕਿ ਇਸ ਸਮੇਂ ਦੌਰਾਨ ਕੋਈ ਵੀ ਚਲਾਨ ਨਹੀਂ ਕੱਟਿਆ ਗਿਆ | ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਹਾਈ ਬੀਮ ਲਾਈਟਾਂ ਕਰਕੇ ਬਹੁਤ ਜ਼ਿਆਦਾ ਹਾਦਸੇ ਵਾਪਰਦੇ ਹਨ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ, ਪਰ ਪੁਲਿਸ ਵਿਭਾਗ ਵਲੋਂ ਇਸ ਨਿਯਮ ਦੀ ਉਲੰਘਣਾ ਕਰਨ ਵਾਲਿਆਂ ਦੇ ਇੰਨੇ ਸਮੇਂ ਵਿਚ ਇਕ ਵੀ ਚਲਾਨ ਨਹੀਂ ਕੱਟਿਆ ਗਿਆ | ਉਨ੍ਹਾਂ ਕਿਹਾ ਕਿ ਹਾਦਸਿਆਂ ਨੂੰ ਘਟਾਉਣ ਲਈ ਹਾਈ ਬੀਮ ਲਾਈਟਾਂ ਚਲਾਉਣ ਵਾਲਿਆਂ ਦੇ ਚਲਾਨ ਕੱਟੇ ਜਾਣ ਅਤੇ ਸਖ਼ਤੀ ਕੀਤੀ ਜਾਵੇ |