ਕਿਸ਼ਨਪੁਰਾ ਕਲਾਂ, 29 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਕਿਸਾਨ ਵੀਰਾਂ ਦੀਆਂ ਮੋਟਰਾਂ ਦੇ ਆਸ-ਪਾਸ ਵਿਚ ਚੋਰਾਂ ਵਲੋਂ ਖੇਤਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ ਕਰਨ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਪੀੜਤ ਕਿਸਾਨ ਸੁਰਜੀਤ ਸਿੰਘ ਪੁੱਤਰ ਹਰਦਿਆਲ ਸਿੰਘ, ਹਰਜਿੰਦਰ ਸਿੰਘ ਪੁੱਤਰ ਬਖਤੌਰ ਸਿੰਘ, ਹਰਪਾਲ ਸਿੰਘ ਪੁੱਤਰ ਕਰਨੈਲ ਸਿੰਘ, ਪਿ੍ਤਪਾਲ ਸਿੰਘ ਪੁੱਤਰ ਜਗਸੀਰ ਸਿੰਘ, ਇੰਦਰਜੀਤ ਸਿੰਘ ਪੁੱਤਰ ਜਗੀਰ ਸਿੰਘ, ਕੁਲਦੀਪ ਸਿੰਘ ਪੁੱਤਰ ਬਲਵੀਰ ਸਿੰਘ, ਬਾਈ ਚੰਨਾ, ਦਰਸਨ ਸਿੰਘ ਦਰਸ਼ੀ ਅਤੇ ਪ੍ਰਧਾਨ ਅਵਤਾਰ ਸਿੰਘ ਮਾਨ ਪੁੱਤਰ ਭਾਗ ਸਿੰਘ ਵਾਸੀ ਕਿਸ਼ਨਪੁਰਾ ਕਲਾਂ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਲਗਭਗ 8 ਤੋਂ 10 ਮੋਟਰਾਂ ਦੀਆਂ ਕੇਬਲਾਂ ਚੋਰਾਂ ਵੱਲੋਂ ਚੋਰੀ ਕਰ ਲਿਆਈਆਂ ਗਈਆਂ ਹਨ | ਪੀੜਤ ਕਿਸਾਨਾਂ ਨੇ ਦੱਸਿਆ ਕਿ ਇੱਕ ਮੋਟਰ ਦੀ ਕੇਬਲ ਦੀ ਕੀਮਤ ਤਕਰੀਬਨ 3500 ਤੋਂ 4000 ਰੁਪਏ ਤੱਕ ਹੁੰਦੀ ਹੈ | ਚੋਰ ਕੇਬਲ ਵਿਚੋਂ ਤਾਂਬੇ ਦੀ ਤਾਰ ਕੱਢ ਕੇ ਬਾਕੀ ਪਲਾਸਟਿਕ ਖ਼ੋਲ ਖੇਤਾਂ ਵਿਚ ਹੀ ਸੁੱਟ ਜਾਂਦੇ ਹਨ, ਜਿਸ ਨੂੰ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ | ਇਸ ਤੋਂ ਇਲਾਵਾ ਮੋਟਰ ਵਾਲੀ ਕੋਠੀ ਦੇ ਜਿੰਦਰੇ, ਗਰਿੱਪ ਅਤੇ ਹੋਰ ਲੋਹੇ ਦਾ ਸਮਾਨ ਵੀ ਚੋਰ ਚੁੱਕ ਕੇ ਲੈ ਜਾਂਦੇ ਹਨ | ਪੀੜਤ ਕਿਸਾਨਾਂ ਅਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮਾਨ ਤੇ ਮਲੂਕ ਸਿੰਘ ਭਾਊ ਨੇ ਕਿਹਾ ਕਿ ਪਹਿਲਾਂ ਹੀ ਕਿਸਾਨ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ, ਉੱਪਰੋਂ ਇਹ ਚੋਰੀਆਂ ਉਨ੍ਹਾਂ ਲਈ ਵੱਡੀ ਮੁਸੀਬਤ ਬਣ ਗਈਆਂ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਅਤੇ ਚੋਰੀ ਕਰਨ ਵਾਲੇ ਚੋਰਾਂ ਨੂੰ ਜਲਦੀ ਤੋਂ ਜਲਦੀ ਸਖ਼ਤੀ ਨਾਲ ਕਾਬੂ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਇਨ੍ਹਾਂ ਘਟਨਾਵਾਂ ਤੋਂ ਨਿਜਾਤ ਮਿਲ ਸਕੇ |