ਰੁਪਾਣਾ, 21 ਜਨਵਰੀ (ਜਗਜੀਤ ਸਿੰਘ)-ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਰੁਪਾਣਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ਦੇ ਸ਼ੁਰੂ ਵਿਚ ਪਿ੍ੰਸੀਪਲ ਮਹੇਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਸ੍ਰੀਮਤੀ ਰਿੰਕੀ ਰਾਣੀ ਨੇ ਸਕੂਲ ਦੇ ਇਤਿਹਾਸ ਬਾਰੇ ਜ਼ਿਕਰ ਕੀਤਾ | ਜਸਪਾਲ ਮੋਂਗਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਰਜਿੰਦਰ ਸੋਨੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਸਖ਼ਤ ਮਿਹਨਤ ਕਰਕੇ ਕਾਮਯਾਬ ਹੋਣ ਅਤੇ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਸਮੂਹ ਅਧਿਆਪਕਾਂ ਨੂੰ ਹੋਰ ਵੀ ਇਮਾਨਦਾਰੀ ਤੇ ਤਨਦੇਹੀ ਨਾਲ ਫ਼ਰਜ਼ ਨਿਭਾਉਣ ਦੀ ਅਪੀਲ ਕੀਤੀ | ਵਿਦਿਆਰਥੀਆਂ ਵਲੋਂ ਭੰਗੜਾ, ਬੋਲੀਆਂ, ਗੀਤ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ | 'ਯੁੱਧ ਨਸ਼ਿਆਂ ਵਿਰੁੱਧ' ਅਧੀਨ ਬੱਚਿਆਂ ਵਲੋਂ ਨਸ਼ਿਆਂ ਦੇ ਵਿਰੁੱਧ ਭਾਵਪੂਰਤ ਨਾਟਕ ਖੇਡਿਆ ਗਿਆ | ਸਮਾਗਮ ਦੌਰਾਨ ਪੜ੍ਹਾਈ, ਖੇਡਾਂ, ਸਮਾਜ ਸੇਵਾ ਅਤੇ ਹੋਰ ਖੇਤਰਾਂ ਵਿਚ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਵਲੋਂ ਇਨਾਮ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਸ਼ੀਲਾ ਕੁਮਾਰੀ, ਆਸ਼ਾ ਰਾਣੀ, ਕਰਮਜੀਤ ਕੌਰ ਨੇ ਸਾਂਝੇ ਤੌਰ 'ਤੇ ਨਿਭਾਈ | ਇਸ ਮੌਕੇ ਮਲੋਟ, ਤਰਮਾਲਾ ਅਤੇ ਹੋਰ ਸਕੂਲਾਂ ਦੇ ਪਿ੍ੰਸੀਪਲਾਂ ਤੋਂ ਇਲਾਵਾ ਅਜੈਬ ਸਿੰਘ ਬਲਾਕ ਸੰਮਤੀ ਮੈਂਬਰ, ਸਵਰਨ ਸਿੰਘ, ਡਾ. ਲਾਲ ਚੰਦ, ਡੀ.ਪੀ. ਗੁਰਜੀਤ ਸਿੰਘ, ਗੁਰਜਿੰਦਰ ਸਿੰਘ, ਮਨੋਜ ਕੁਮਾਰ, ਕੇ.ਸੀ. ਰੁਪਾਣਾ, ਉਪਕਾਰ ਸਿੰਘ, ਨਰਿੰਦਰ ਸਿੰਘ, ਜਸਕਰਨ ਸਿੰਘ, ਸੰਜੀਵ ਕੁਮਾਰ, ਸੰਦੀਪ ਕਾਠਪਾਲ, ਸਮੂਹ ਸਟਾਫ਼, ਵਿਦਿਆਰਥੀ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |