30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸ਼ਹਿਰ ਦੇ ਜਨਤਕ ਪਖ਼ਾਨੇ ਬਦਹਾਲੀ ਦਾ ਸ਼ਿਕਾਰ

ਅਜੀਤ ਡੈਸਕ 02-01-2026
• ਗੰਦਗੀ ਨੇ ਵਧਾਈ ਆਮ ਲੋਕਾਂ ਦੀ ਪ੍ਰੇਸ਼ਾਨੀ
• ਸਫ਼ਾਈ ਦਾ ਟੈਂਡਰ ਨਾ ਹੋਣ ਕਾਰਨ ਪਖ਼ਾਨਿਆਂ ਦੀ ਹਾਲਤ ਖ਼ਰਾਬ
ਸ੍ਰੀ ਮੁਕਤਸਰ ਸਾਹਿਬ, 1 ਜਨਵਰੀ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਸ਼ਹਿਰ 'ਚ ਨਗਰ ਕੌਂਸਲ ਵਲੋਂ ਬਣਾਏ ਜਨਤਕ ਪਖ਼ਾਨਿਆਂ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ | ਸਫ਼ਾਈ ਸਿਸਟਮ ਨਾ ਹੋਣ ਕਾਰਨ ਜ਼ਿਆਦਾਤਰ ਪਖ਼ਾਨਿਆਂ ਵਿਚ ਗੰਦਗੀ ਦਾ ਢੇਰ ਲੱਗਾ ਹੋਇਆ ਹੈ | ਹਾਲਾਤ ਅਜਿਹੇ ਹਨ ਕਿ ਲੋਕ ਅੰਦਰ ਜਾਣ ਦੀ ਬਜਾਏ, ਬਾਹਰ ਖੁੱਲੇ੍ਹ ਵਿਚ ਪਿਸ਼ਾਬ ਕਰਨ ਨੂੰ ਮਜ਼ਬੂਰ ਹਨ | ਔਰਤਾਂ ਲਈ ਸਥਿਤੀ ਹੋਰ ਵੀ ਗੰਭੀਰ ਹੈ, ਕਿਉਂਕਿ ਕਈ ਥਾਂਵਾਂ 'ਤੇ ਮਹਿਲਾ ਪਖ਼ਾਨਿਆਂ ਨੂੰ ਤਾਲੇ ਲੱਗੇ ਹੋਏ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਖ਼ਾਨਿਆਂ ਵਿਚ ਨਾ ਤਾਂ ਪਾਣੀ ਦੀ ਵਿਵਸਥਾ ਹੈ ਅਤੇ ਨਾ ਹੀ ਸਫ਼ਾਈ ਹੁੰਦੀ ਹੈ | ਗੰਦਗੀ ਤੇ ਬਦਬੂ ਕਾਰਨ ਲੋਕ ਪਖ਼ਾਨਿਆਂ ਦੇ ਕੋਲ ਤੱਕ ਜਾਣ ਤੋਂ ਕਤਰਾਉਂਦੇ ਹਨ | ਸਬਜ਼ੀ ਮੰਡੀ ਖੇਤਰ ਵਿਚ ਬਣੇ ਪਖ਼ਾਨਿਆਂ ਦੀ ਹਾਲਤ ਸਭ ਤੋਂ ਖ਼ਰਾਬ ਦੱਸੀ ਜਾ ਰਹੀ ਹੈ | ਇੱਥੋਂ ਦੇ ਦੁਕਾਨਦਾਰ ਗੋਪਾਲ, ਰਾਜੂ ਤੇ ਜਗਸੀਰ ਸਿੰਘ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਸਫ਼ਾਈ ਕਰਮਚਾਰੀ ਨਾ ਆਉਣ ਕਾਰਨ ਉਨ੍ਹਾਂ ਨੂੰ ਖ਼ੁਦ ਪੈਸੇ ਇਕੱਤਰ ਕਰ ਸਫ਼ਾਈ ਕਰਵਾਉਣੀ ਪੈਂਦੀ ਹੈ | ਬਾਵਜੂਦ ਇਸ ਦੇ ਲੋਕ ਦੁਬਾਰਾ ਗੰਦਗੀ ਫ਼ੈਲਾ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਇੱਥੇ ਲਾਈਟਾਂ ਖ਼ਰਾਬ ਪਈਆਂ ਹਨ, ਨਸ਼ੇੜੀ ਲੋਕ ਪਖ਼ਾਨਿਆਂ ਵਿਚ ਆ ਕੇ ਨਸ਼ਾ ਕਰਦੇ ਹਨ ਅਤੇ ਖ਼ਾਲੀ ਬੋਤਲਾਂ ਤੇ ਪੱਤੇ ਉੱਥੇ ਸੁੱਟ ਦਿੰਦੇ ਹਨ | ਸ਼ਹਿਰ ਦੇ ਹੋਰ ਹਿੱਸਿਆਂ ਜਿਵੇਂ ਥਾਣਾ ਸਿਟੀ ਦੇ ਸਾਹਮਣੇ, ਮਾਤਾ ਭਾਗ ਕੌਰ ਪਾਰਕ, ਗੁਰੂ ਗੋਬਿੰਦ ਸਿੰਘ ਪਾਰਕ, ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਅਤੇ ਕੋਟਕਪੂਰਾ ਰੋਡ ਸਥਿਤ ਪਖ਼ਾਨਿਆਂ ਦੀ ਸਥਿਤੀ ਵੀ ਬੇਹੱਦ ਖ਼ਰਾਬ ਹੈ | ਕਈ ਥਾਂਵਾਂ 'ਤੇ ਮਹਿਲਾ ਪਖ਼ਾਨਿਆਂ 'ਤੇ ਤਾਲੇ ਲਟਕੇ ਹੋਏ ਹਨ, ਜਦਕਿ ਕਿਤੇ ਗੰਦਾ ਪਾਣੀ ਸੜਕ ਤੱਕ ਫ਼ੈਲ ਰਿਹਾ ਹੈ | ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ ਦੋ ਸਾਲਾਂ ਤੋਂ ਜਨਤਕ ਪਖ਼ਾਨਿਆਂ ਦੀ ਸਫ਼ਾਈ ਦਾ ਟੈਂਡਰ ਨਹੀਂ ਹੋਇਆ | ਹੁਣ ਨਵਾਂ ਟੈਂਡਰ ਹੋ ਚੁੱਕਾ ਹੈ ਅਤੇ ਜਲਦ ਹੀ ਸਾਰੇ ਪਖ਼ਾਨਿਆਂ ਦੀ ਮੁਰੰਮਤ ਕਰ ਸਫ਼ਾਈ ਵਿਵਸਥਾ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਨਾਲ ਹੀ ਕਰਮਚਾਰੀਆਂ ਦੀ ਤਾਇਨਾਤੀ ਕਰ ਸਾਰੇ ਪਖ਼ਾਨਿਆਂ ਨੂੰ ਨਿਯਮਿਤ ਰੂਪ 'ਚ ਚਾਲੂ ਕੀਤਾ ਜਾਵੇਗਾ |
ਪਿਛਲੀ ਖ਼ਬਰ ਡੀਪੂ ਹੋਲਡਰਾਂ ਦਾ ਵਫ਼ਦ ਡੀ.ਐੱਫ਼.ਐੱਸ.ਸੀ. ਨੂੰ ਮਿਲਿਆ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਮਗਨਰੇਗਾ ਸਕੀਮ 'ਚ ਤਬਦੀਲੀ ਕਰਨਾ ਨਿੰਦਣਯੋਗ-ਸੰਧੂ, ਰੋਮਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।